ਲੁਧਿਆਣਾ: ਸ਼ਹਿਰ ਵਿੱਚ ਕਾਂਗਰਸੀ ਲੀਡਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਲੁਧਿਆਣਾ ਦੇ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਲ ’ਤੇ ਸਥਿਤ ਰੈਸਟੋਰੈਂਟ ਵਿੱਚ ਵਾਪਰੀ। ਇੱਥੇ ਕਾਂਗਗਸੀ ਲੀਡਰ ਪਰਮਿੰਦਰ ਸਿੰਘ ਪੱਪੂ ਦੀ ਜਨਮ ਦਿਨ ਪਾਰਟੀ ਚੱਲ਼ ਰਹੀ ਸੀ। ਇਸੇ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਗੋਲੀ ਚੱਲ਼ ਗਈ। ਇੱਕ ਨੌਜਵਾਨ ਨੇ ਪਰਮਿੰਦਰ ਸਿੰਘ ਦੇ ਦੋਸਤ ਮਨਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ।



ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਪੰਜ ਗੋਲੀਆਂ ਚਲਾਈਆਂ। ਇਨ੍ਹਾਂ ’ਚੋਂ ਇੱਕ ਗੋਲੀ ਮਨਜੀਤ ਨੂੰ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਦਿੱਲੀ ਵਾਸੀ ਸੁਮਿਤ ਸੈਣੀ ਦੀ ਲੱਤ ’ਤੇ ਵੀ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਮਨਜੀਤ ਦੀ ਪਤਨੀ ਰਣਦੀਪ ਕੌਰ ਦੀ ਸ਼ਿਕਾਇਤ ’ਤੇ ਪਿੰਡ ਸਾਹਿਬਆਣਾ ਦੇ ਵਸਨੀਕ ਜਸਵਿੰਦਰ ਸਿੰਘ ਉਰਫ਼ ਬਿੰਦੀ ਤੇ ਬੁਲਾਰਾ ਵਾਸੀ ਜਗਦੀਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਬਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਜਗਦੀਪ ਹਾਲੇ ਫ਼ਰਾਰ ਹੈ।

ਪੁਲਿਸ ਮੁਤਾਬਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਪਰਮਿੰਦਰ ਪੱਪੂ ਨੇ ਆਪਣੇ ਕੁਝ ਖ਼ਾਸ ਦੋਸਤਾਂ ਲਈ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਲ ਉੱਤੇ ਸਥਿਤ ਰੈਸਟੋਰੈਂਟ ’ਚ ਪਾਰਟੀ ਰੱਖੀ ਸੀ। ਇਸ ਪਾਰਟੀ ’ਚ ਬਿੰਦੀ ਪਹਿਲਾਂ ਤੋਂ ਮੌਜੂਦ ਸੀ। ਪੱਪੂ ਦਾ ਦੋਸਤ ਕਾਂਗਰਸੀ ਆਗੂ ਮਨਜੀਤ ਸਿੰਘ ਆਪਣੀ ਪਤਨੀ ਨਾਲ ਪਾਰਟੀ ’ਚ ਪਹੁੰਚਿਆ।

ਇਸੇ ਦੌਰਾਨ ਮਨਜੀਤ ਤੇ ਬਿੰਦੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਬਿੰਦੀ ਵੱਲੋਂ ਜਗਦੀਪ ਤੇ ਇੱਕ ਹੋਰ ਨੌਜਵਾਨ ਵੀ ਮਨਜੀਤ ਨਾਲ ਬਹਿਸਣ ਲੱਗੇ। ਚਾਰਾਂ ਵਿੱਚ ਹੱਥੋਪਾਈ ਸ਼ੁਰੂ ਹੋ ਗਈ। ਇਸੇ ਦੌਰਾਨ ਬਿੰਦੀ ਨੇ ਆਪਣੇ 32 ਬੋਰ ਦੇ ਪਿਸਤੌਲ ਨਾਲ ਪੰਜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ’ਚੋਂ ਇੱਕ ਗੋਲੀ ਮਨਜੀਤ ਦੇ ਲੱਗ ਗਈ।