ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਦਰਾਰ ਵਧਦੀ ਜਾ ਰਹੀ ਹੈ। ਕੈਪਟਨ ਸਰਕਾਰ ਦੇ ਕਈ ਵਜ਼ੀਰ ਸਿੱਧੂ ਦੀ ਖ਼ਿਲਾਫ਼ਤ ਕਰ ਰਹੇ ਹਨ। ਇਸੇ ਕੜੀ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਹੈ ਕਿ ਚੋਣਾਂ ਦੇ ਮਾਹੌਲ ਵਿੱਚ ਸਿੱਧੂ ਵੱਲੋਂ ਅਜਿਹੀ ਬਿਆਨਬਾਜ਼ੀ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਮਾਮਲਾ ਪਾਰਟੀ ਹਾਈਕਮਾਨ ਤਕ ਪਹੁੰਚ ਚੁੱਕਾ ਹੈ।


ਬਾਜਵਾ ਨੇ ਕਿਹਾ ਕਿ ਜੋ ਵੀ ਸਿਆਸਤ ਵਿੱਚ ਆ ਗਿਆ, ਉਸ ਦੀ ਖ਼ਵਾਹਿਸ਼ ਹੁੰਦੀ ਹੈ ਕਿ ਕਿਸੇ ਤਰ੍ਹਾਂ ਸਭ ਤੋਂ ਉੱਚੀ ਕੁਰਸੀ 'ਤੇ ਕਬਜ਼ਾ ਕੀਤਾ ਜਾਏ ਪਰ ਸਿੱਧੂ ਤਾਂ ਜ਼ਿਆਦਾ ਹੀ ਕਾਹਲੀ ਵਿੱਚ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਵਿਵਾਦ ਖੜ੍ਹਾ ਕਰਨ ਵਿੱਚ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ।

ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਇਸ ਵਾਰ ਨਤੀਜੇ ਜ਼ਿਆਦਾ ਚੰਗੇ ਨਹੀਂ ਰਹਿਣਗੇ। ਕਾਂਗਰਸ ਸਮਝਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਟਿਕ ਨਹੀਂ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਆਏ, ਚੰਗੀ ਗੱਲ ਹੈ ਪਰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਸ਼ਾਨੋ-ਸ਼ੌਕਤ ਨਾਲ ਜਿੱਤ ਦਰਜ ਕਰਨਗੇ।