ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਪੈ ਗਿਆ ਲੱਗਦਾ ਹੈ। ਵਿਸਫੋਟਕ ਬੱਲੇਬਾਜ਼ ਰਹੇ ਸਿੱਧੂ ਦਾ ਕ੍ਰਿਕੇਟ ਕਰੀਅਰ ਦੌਰਾਨ ਵੀ ਵਿਵਾਦਾਂ ਨਾਲ ਕਰੀਬੀ ਰਿਸ਼ਤਾ ਰਿਹਾ ਹੈ ਤੇ ਹੁਣ ਸਿਆਸਤ ਦੇ ਮੈਦਾਨ ਵਿੱਚ ਤਾਂ ਉਹ ਆਪਣੇ ਵਿਵਾਦਾਂ ਕਰਕੇ ਲਗਾਤਾਰ ਸੁਰਖ਼ੀਆਂ ਵਿੱਚ ਰਹਿ ਰਹੇ ਹਨ। ਕ੍ਰਿਕੇਟ ਕਰੀਅਰ ਵਿੱਚ ਵੀ ਉਹ ਕ੍ਰਿਕੇਟ ਨਾਲੋਂ ਜ਼ਿਆਦਾ ਵਿਵਾਦਾਂ ਕਰਕੇ ਚਰਚਾਵਾਂ ਵਿੱਚ ਰਹਿੰਦੇ ਸਨ। ਇਸੇ ਲਈ ਉਨ੍ਹਾਂ ਭਾਰਤੀ ਟੀਮ ਦੇ ਵਿਦੇਸ਼ ਦੌਰੇ ਦੇ ਵਿਚਾਲੇ ਸੰਨਿਆਸ ਲੈ ਲਿਆ ਸੀ ਤੇ ਬਾਅਦ ਵਿੱਚ ਫਿਰ ਤੋਂ ਕ੍ਰਿਕੇਟ ਵਿੱਚ ਵਾਪਸੀ ਕੀਤੀ ਸੀ।


ਹੁਣ ਸਿਆਸਤ ਵਿੱਚ ਵੀ ਸਿੱਧੂ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਪਹਿਲਾਂ ਵਿਵਾਦਾਂ ਕਰਕੇ ਉਨ੍ਹਾਂ ਬੀਜੇਪੀ ਛੱਡੀ ਤੇ ਕਾਂਗਰਸ ਦਾ ਹੱਥ ਫੜਿਆ ਪਰ ਇੱਥੇ ਵੀ ਉਹ ਆਪਣੇ ਤਿੱਖੇ ਤੇਵਰਾਂ ਕਰਕੇ ਵਿਵਾਦਾਂ ਵਿੱਚ ਰਹਿਣ ਲੱਗੇ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਕਾਂਗਰਸ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦਰਅਸਲ ਸਿੱਧੂ ਅਤਿ ਅਭਿਲਾਸ਼ੀ ਹਨ। ਇਸੇ ਕਰਕੇ ਉਹ ਉਤਾਵਲੇਪਣ ਵਿੱਚ ਹੀ ਵਿਵਾਦਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ।

ਮਾਹਰ ਕਹਿੰਦੇ ਹਨ ਕਿ ਸਿੱਧੂ ਦੀ ਜ਼ੁਬਾਨ ਹੀ ਉਨ੍ਹਾਂ ਦੀ ਮਜ਼ਬੂਤੀ ਹੈ ਪਰ ਆਵੇਗ ਵਿੱਚ ਆ ਕੇ ਕਈ ਵਾਰ ਉਹ ਅਜਿਹੀਆਂ ਗੱਲਾਂ ਕਰ ਜਾਂਦੇ ਹਨ ਜਿਸ ਨਾਲ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਬੀਤੇ ਦਿਨੀਂ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਖਿਲਾਫ ਬੇਵਕਤੀ ਬਿਆਨਬਾਜ਼ੀ ਕਰ ਦਿੱਤੀ ਜੋ ਕਾਂਗਰਸ ਨੂੰ ਨੁਕਸਾਨ ਕਰ ਸਕਦੀ ਹੈ।

ਦਿਲਚਸਪ ਹੈ ਕਿ ਸਿੱਧੂ ਦੀ ਆਪਣੇ ਕਪਤਾਨ ਨਾਲ ਹੀ ਨਹੀਂ ਬਣਦੀ ਚਾਹੇ ਉਹ ਸਿਆਸੀ ਹੋਏ ਜਾਂ ਖੇਡ ਦਾ ਕਪਤਾਨ। ਉਨ੍ਹਾਂ 1996 ਵਿੱਚ ਇੰਗਲੈਂਡ 'ਚ ਚੱਲ ਰਹੀ ਸੀਰੀਜ਼ ਦੌਰਾਨ ਕਪਤਾਨ ਮੁਹੰਮਦ ਅਜ਼ਹਰੁਦੀਨ ਨਾਲ ਨਹੀਂ ਬਣੀ ਸੀ। ਉਸ ਵੇਲੇ ਉਹ ਦੌਰਾ ਵਿਚਾਲੇ ਛੱਡ ਕੇ ਭਾਰਤ ਵਾਪਸ ਆ ਗਏ ਸੀ। ਉਸ ਵੇਲੇ ਉਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਨ੍ਹਾਂ ਵੱਡੀ ਗ਼ਲਤੀ ਕੀਤੀ ਹੈ। ਇਸ ਮਗਰੋਂ ਅਰੁਣ ਜੇਤਲੀ ਉਨ੍ਹਾਂ ਨੂੰ 2004 ਵਿੱਚ ਬੀਜੇਪੀ ਵਿੱਚ ਲੈ ਕੇ ਆਏ ਸੀ।

ਫਿਰ ਸਿੱਧੂ ਦੇ ਅਕਾਲੀਆਂ ਨਾਲ ਮਤਭੇਦ ਹੋ ਗਏ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਦੀ ਕਾਂਗਰਸ ਵਿੱਚ ਐਂਟਰੀ ਹੋਈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਹਰਗਿਜ਼ ਨਹੀਂ ਚਾਹੁੰਦੇ ਸੀ, ਪਰ ਪਾਰਟੀ ਹਾਈਕਮਾਨ ਦੇ ਦਬਾਅ ਵਿੱਚ ਆ ਕੇ ਉਨ੍ਹਾਂ ਨੂੰ ਗੱਲ ਮੰਨਣੀ ਪਈ। ਕੈਪਟਨ ਨੂੰ ਪਤਾ ਸੀ ਕਿ ਸਿੱਧੂ ਦਾ ਸੁਭਾਅ ਅਤਿ ਅਭਿਲਾਸ਼ੀ ਹੈ। ਉਹ ਜਾਣਦੇ ਸੀ ਕਿ ਸਿੱਧੂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ ਤੇ ਅੱਜ ਉਹੀ ਸਥਿਤੀ ਬਣ ਗਈ ਹੈ। ਹੁਣ ਕੈਪਟਨ ਤੇ ਸਿੱਧੂ ਦੇ ਮਤਭੇਦ ਜੱਗ ਜ਼ਾਹਰ ਹੋ ਗਏ ਹਨ।