ਚੰਡੀਗੜ੍ਹ: ਕਾਂਗਰਸ ਪੰਜਾਬ ਵਿੱਚ ਅੱਜ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਾ ਦਿੱਤੀ ਹੈ। ਇਹ ਫੈਸਲਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਹੋਇਆ।

ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹਾਜ਼ਰ ਸੀ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਪੰਜਾਬ ਦੇ ਸੀਨੀਅਰ ਲੀਡਰਾਂ ਨੇ ਵੇਰਵਾ ਦੇਣ ਤੋਂ ਇਨਕਾਰ ਕੀਤਾ।

ਕਾਬਲੇਗੌਰ ਹੈ ਕਿ ਕਾਂਗਰਸ ਨੇ ਹੁਣ ਤੱਕ ਛੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਥੇ ਹਨ। ਅੱਜ ਸ਼ਾਮ ਜਾਂ ਕੱਲ੍ਹ ਤੱਕ ਤਿੰਨ ਹੋਣ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਚਾਰ ਸੀਟਾਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ ਤੇ ਅਨੰਦਪੁਰ ਸਾਹਿਬ ਹੀ ਰਹਿ ਜਾਣਗੀਆਂ। ਇਨ੍ਹਾਂ ਹਲਕਿਆਂ 'ਤੇ ਉਮੀਦਵਾਰਾਂ ਦੇ ਐਲਾਨ ਵਿੱਚ ਕੁਝ ਦੇਰੀ ਹੋ ਸਕਦੀ ਹੈ ਕਿਉਂਕਿ ਇਸ ਬਾਰੇ ਅਜੇ ਪੰਜਾਬ ਸਕਰੀਨਿੰਗ ਕਮੇਟੀ ਵੀ ਇੱਕਮਤ ਨਹੀਂ ਹੈ।