ਮੋਗਾ: ਕਾਂਗਰਸ ਪਾਰਟੀ ਤੋਂ ਚੰਡੀਗੜ੍ਹ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਟਿਕਟ ਦੀ ਚਾਹਵਾਨ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਵੱਲੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਐਲਾਨ ਕੀਤਾ ਸੀ ਕਿ ਉਹ ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਥਾਂ ਤੋਂ ਚੋਣ ਨਹੀਂ ਲੜਨਗੇ। ਇਸ ਲਈ ਖਹਿਰਾ ਨੇ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਚੰਡੀਗੜ੍ਹ ਸੰਸਦੀ ਸੀਟ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਹੈ।

ਫ਼ਰੀਦਕੋਟ (ਰਾਖਵਾਂ) ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਹੱਕ ’ਚ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਖੇਤਰ ’ਚ ਚੋਣ ਪ੍ਰਚਾਰ ਲਈ ਪੁੱਜੇ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਨਵਜੋਤ ਕੌਰ ਸਿੱਧੂ ਚਾਹੁਣ ਤਾਂ ਪੰਜਾਬ ਡੈਮੋਕਰੈਟਿਕ ਅਲਾਇੰਸ ਉਨ੍ਹਾਂ ਨੂੰ ਚੰਡੀਗੜ੍ਹ ਸੰਸਦੀ ਸੀਟ ਤੋਂ ਟਿਕਟ ਦੇਣ ਲਈ ਤਿਆਰ ਹੈ ਅਤੇ ਉਹ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਵਿਚ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ।

ਖਹਿਰਾ ਨੇ ਕਿਹਾ ਕਿ ਸਿੱਧੂ ਦੀ ਆਵਾਜ਼ ਕਾਂਗਰਸ ’ਚ ਨਹੀਂ ਚੱਲ ਸਕਦੀ, ਜਿਸ ਸਦਕਾ ਉਨ੍ਹਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਕਾਂਗਰਸੀਆਂ ਦਾ ਖਹਿੜਾ ਛੱਡਣਾ ਪਵੇਗਾ। ਖਹਿਰਾ ਨੇ ਰਵਾਇਤੀ ਸਿਆਸੀ ਪਾਰਟੀ ਕਾਂਗਰਸ ਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਇਤਿਹਾਸਕ ਜਿੱਤ ਹਾਸਲ ਕਰੇਗੀ। ਉਨ੍ਹਾਂ ਅਕਾਲੀ ਦਲ ਟਕਸਾਲੀ ਬਾਰੇ ਕਿਹਾ ਕਿ ਬੀਬੀ ਖਾਲੜਾ ਦੇ ਬਰਾਬਰ ਜੇਜੇ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਠੀਕ ਨਹੀਂ ਕੀਤਾ ਕਿਉਂਕਿ ਬੀਬੀ ਖਾਲੜਾ ਦੇ ਪਰਿਵਾਰ ਨੇ ਕੌਮ ਲਈ ਵੱਡੀ ਕੁਰਬਾਨੀ ਦਿੱਤੀ ਹੈ।