ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਮਾਈਨਿੰਗ ਪਾਲਿਸੀ 'ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਪਠਾਨਕੋਟ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਗਾਤਾਰ ਮਾਈਨਿੰਗ ਚੱਲ ਰਹੀ ਹੈ। ਇਸ ਵਿੱਚ ਪ੍ਰਸ਼ਾਸਨ ਸਮੇਤ ਸਿਆਸਤਦਾਨਾਂ ਦੀ ਵੀ ਮਿਲੀਭੁਗਤ ਹੈ। ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ 'ਤੇ ਕੋਈ ਜਵਾਬ ਨਾ ਆਇਆ ਤਾਂ ਉਨ੍ਹਾਂ ਵੱਲੋਂ ਅਗਲਾ ਰੁਖ਼ ਅਖ਼ਤਿਆਰ ਕੀਤਾ ਜਾਵੇਗਾ।


ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਰਤਾਰਪੁਰ ਦੇ ਲਾਂਘੇ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਲਾਂਘਾ ਪੱਕਾ ਹੱਲ ਨਹੀਂ। ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਦੀ ਜ਼ਮੀਨ ਅਦਲਾ-ਬਦਲੀ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਜੋ ਇੱਕ ਪੱਕਾ ਹੱਲ ਹੋ ਸਕਦਾ ਸੀ। ਬਾਜਵਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਰਿਸ਼ਤਾ ਤਣਾਅਪੂਰਨ ਹੋ ਚੁੱਕਾ ਹੈ ਤੇ ਕਰਤਾਰਪੁਰ ਲਾਂਘੇ 'ਤੇ ਇਸ ਦਾ ਸਿੱਧਾ ਅਸਰ ਦਿਖਾਈ ਦੇ ਰਿਹਾ ਹੈ।


ਇਸ ਤੋਂ ਇਲਾਵਾ ਬਾਜਵਾ ਨੇ ਨਸ਼ਿਆਂ ਦੇ ਮੁੱਦੇ 'ਤੇ ਕਿਹਾ ਕਿ ਪੁਲਿਸ ਵੀ ਨਸ਼ਾ ਤਸਕਰਾਂ ਨਾਲ ਰਲੀ ਹੋਈ ਹੈ। ਪੁਲਿਸ ਦੀ ਨਸ਼ਾ ਤਸਕਰਾਂ ਨਾਲ ਸਹਿਮਤੀ ਦੀਆਂ ਵਾਰਦਾਤਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਅਫਸਰਾਂ ਦੇ ਨਾਲ-ਨਾਲ ਕੁਝ ਸਿਆਸਤਦਾਨਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਪਰ ਨਾਮ ਲੈਣੋਂ ਮੁਕਰ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਹੈ ਤਫ਼ਤੀਸ਼ ਕਰਨਾ, ਸਰਕਾਰ ਤਫਤੀਸ਼ ਕਰੇ ਤੇ ਜਾਣੇ ਕਿ ਇਹ ਚਿਹਰੇ ਕੌਣ ਹਨ?


ਇਸ ਦੇ ਨਾਲ ਹੀ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੂੰ ਦਿੱਤੇ ਜਵਾਬ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਮਤ ਹਨ।