ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਮਾਨਸੂਨ ਦੇ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਵਿਧਾਇਕ ਤੇ ਹਾਕੀ ਖਿਡਾਰੀ ਪਦਮਸ੍ਰੀ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਿਹਾ ਕਿ ਖੇਡ ਵਿਭਾਗ ਵਿੱਚ ਕਾਗਜ਼ੀ ਕਾਰਵਾਈ ਹੀ ਹੋ ਰਹੀ ਹੈ। ਸਥਿਤੀ ਇਹ ਹੈ ਕਿ ਖੇਡ ਵਿਭਾਗ ਕੋਲ ਖਿਡਾਰੀਆਂ ਲਈ ਨਿੱਕਰਾਂ ਤਾਂ ਖਰੀਦੀਆਂ ਨਹੀਂ ਜਾਂਦੀਆਂ। ਸਰਕਾਰ ਕੋਲ ਨਿੱਕਰਾਂ ਜੋਗੇ ਪੈਸੇ ਨਹੀਂ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੂੰ ਕਾਗਜ਼ੀ ਨਹੀਂ, ਬਲਕਿ ਪ੍ਰੈਕਟੀਕਲ ਕੰਮ ਕਰਨਾ ਚਾਹੀਦਾ ਹੈ।
ਵਿਧਾਇਕ ਪਰਗਟ ਸਿੰਘ ਨੇ ਖੇਡ ਮੰਤਰਾਲੇ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਤੋਂ ਨਿੱਕਰਾਂ ਤੇ ਲਈਆਂ ਨਹੀਂ ਜਾਂਦੀਆਂ ਹੋਰ ਕੀ ਕਰੇਗੀ? ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਸਪੋਰਟਸਮੈਨ ਉਪਲੱਬਧੀਆਂ ਛੂਹ ਚੁੱਕੇ ਹਨ, ਸਰਕਾਰ ਉਨ੍ਹਾਂ ਦਾ ਤਾਂ ਸਤਿਕਾਰ ਕਰ ਰਹੀ ਹੈ ਪਰ ਉੱਭਰ ਰਹੇ ਖਿਡਾਰੀਆਂ ਨੂੰ ਢਾਂਚਾ ਵੀ ਨਹੀਂ ਦਿੱਤਾ ਜਾ ਰਿਹਾ।
ਪਰਗਟ ਸਿੰਘ ਨੇ ਕਿਹਾ ਕਿ ਖੇਡ ਵਿਭਾਗ ਵਿੱਚ ਅਫਸਰਾਂ ਦੀ ਘਾਟ ਕਰਕੇ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ। ਆਪਣੇ ਨਿੱਕਰ ਵਾਲੇ ਦਿੱਤੇ ਹੋਏ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਕਿੱਟਾਂ ਦਾ ਟੈਂਡਰ ਹੀ ਨਹੀਂ ਹੋਇਆ, ਜਿਸ ਕਰਕੇ ਕਿੱਟਾਂ ਖਿਡਾਰੀਆਂ ਤਕ ਨਹੀਂ ਪਹੁੰਚ ਰਹੀਆਂ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ ਨੇ ਧਿਆਨ ਦਵਾਊ ਮਤੇ ਰਾਹੀਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਖੇਡ ਵਿਭਾਗ ਦਾ ਜੋ ਮਈ ਵਿੱਚ ਟ੍ਰਾਇਲ ਹੋਣਾ ਸੀ, ਉਹ ਹਾਲੇ ਤਕ ਨਹੀਂ ਹੋਇਆ। ਇਸ 'ਤੇ ਖੇਡ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਕੇ ਟ੍ਰਾਇਲ ਕਰਾਉਣ 'ਚ ਦੇਰੀ ਹੋਈ।