ਪਟਿਆਲਾ: ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਧਾਰਾ 370 ਨੂੰ ਸੋਧੇ ਜਾਣ 'ਤੇ ਜਸ਼ਨ ਨਹੀਂ ਮਨਾਏ ਜਾਣ ਦਿੱਤੇ ਜਾ ਰਹੇ। ਪੁਲਿਸ ਇਨ੍ਹਾਂ ਹੁਕਮਾਂ ਦੀ ਤਾਮੀਲ ਵੀ ਕਰ ਰਹੀ ਹੈ। ਬੀਤੇ ਦਿਨ ਰਾਜ ਸਭਾ ਵਿੱਚ ਧਾਰਾ 370 ਨੂੰ ਨਕਾਰਾ ਕਰਨ ਸਬੰਧੀ ਪਾਸ ਕੀਤੇ ਬਿੱਲ ਦੇ ਜਸ਼ਨ ਮਨਾਉਣ ਵਿੱਚ ਪੁਲਿਸ ਨੇ ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਭਾਜਪਾ ਸਮਰਥਕਾਂ ਨੂੰ ਰੋਕਿਆ।


ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਸ਼ਹਿਰ ਪਾਤੜਾਂ ਵਿੱਚ ਧਾਰਾ 370 ਹਟਾਏ ਜਾਣ ਦੀ ਖੁਸ਼ੀ ਮਨਾ ਰਹੇ 16 ਲੋਕਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਨਾਮਜ਼ਦ ਲੋਕ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ ਤੇ ਪਾਤੜਾਂ ਦੇ ਚੌਕ ਵਿੱਚ ਪਟਾਕੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।

ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ 16 ਜਣਿਆਂ 'ਤੇ ਕੇਸ ਦਰਜ ਕਰ ਲਿਆ। ਉੱਧਰ, ਪੁਲਿਸ ਦੀ ਇਸ ਕਾਰਵਾਈ ਖ਼ਿਲਾਫ਼ ਭਾਜਪਾ ਸਮਰਥਕਾਂ ਨੇ ਰਾਤ ਸਮੇਂ ਥਾਣੇ ਦਾ ਬੂਹਾ ਮੱਲ ਲਿਆ। ਭਾਜਪਾ ਸਮਰਥਕਾਂ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਜਾਣ-ਬੁੱਝ ਕੇ ਅਜਿਹੀ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ।

ਸੋਮਵਾਰ ਨੂੰ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕਿਸੇ ਤਰ੍ਹਾਂ ਦੇ ਜਸ਼ਨ ਮਨਾਉਣ ਜਾਂ ਪ੍ਰਦਰਸ਼ਨ ਕਰਨ ’ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਪੰਜਾਬ ਵਿੱਚ 8,000 ਤੋਂ ਵੱਧ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਸਨ ਤੇ ਸਰਹੱਦ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਸਨ।