ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਕਾਂਗਰਸੀ ਵਿਧਾਇਕ ਹੀ ਖੁਸ਼ ਨਹੀਂ। ਪਿਛਲੇ ਸਮੇਂ ਨਵਜੋਤ ਸਿੱਧੂ, ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ ਤੇ ਪਰਗਟ ਸਿੰਘ ਸਣੇ ਕਈ ਵਿਧਾਇਕ ਜਨਤਕ ਤੌਰ 'ਤੇ ਵੀ ਸਰਕਾਰ ਖਿਲਾਫ ਭੜਾਸ ਕੱਢ ਚੁੱਕੇ ਹਨ। ਇਸ ਲਈ ਹੀ ਆਪਣੀ ਹੀ ਸਰਕਾਰ ਖਿਲਾਫ ਆਵਾਜ਼ ਉਠਾ ਰਹੇ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੇ ਬਾਗੀ ਵਿਧਾਇਕਾਂ ਨੂੰ ਕੈਬਨਿਟ ਰੈਂਕ ਬਖਸ਼ੇ ਹਨ। ਇਸ ਨਾਲ ਮਾਮਲਾ ਹੋਰ ਵਿਗੜਦਾ ਨਜ਼ਰ ਆ ਰਿਹਾ ਹੈ।


ਕੈਪਟਨ ਵੱਲੋਂ ਸਰਹਿੰਦ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ (ਯੋਜਨਾ), ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ, ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਇੰਦਰਬੀਰ ਸਿੰਘ ਬੁਲਾਰੀਆ ਨੂੰ ਕੈਬਨਿਟ ਰੈਂਕ ਦਿੱਤੇ ਹਨ। ਇਸ ਤੋਂ ਇਲਾਵਾ ਵਿਧਾਇਕ ਤਰਸੇਮ ਡੀਸੀ (ਯੋਜਨਾ) ਨੂੰ ਰਾਜ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ।

ਹੁਣ ਚਰਚਾ ਹੈ ਕਿ ਕੁਝ ਹੋਰ ਕਾਂਗਰਸੀ ਵਿਧਾਇਕ ਕੈਪਟਨ ਤੋਂ ਔਖੇ ਹਨ। ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਖਫਾ ਨਜ਼ਰ ਆ ਰਹੇ ਹਨ। ਉਹ ਪਿਛਲੇ ਦਿਨੀਂ ਕੈਬਨਿਟ ਮੀਟਿੰਗ ਵੇਲੇ ਵੀ ਸਰਗਰਮ ਨਜ਼ਰ ਨਹੀਂ ਆਏ। ਸੂਤਰ ਮੁਤਾਬਕ ਚੀਮਾ ਵੀ ਕੈਬਨਿਟ ’ਚ ਥਾਂ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਇਸ ਕਰਕੇ ਉਹ ਨਾਰਾਜ਼ ਹਨ।

ਇਹ ਵੀ ਚਰਚਾ ਹੈ ਕਿ ਕੈਪਟਨ ਪਰਗਟ ਸਿੰਘ ਨੂੰ ਵੀ ਕੈਬਨਿਟ ਰੈਂਕ ਦੇ ਕੇ ਖੁਸ਼ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ। ਪਰਗਟ ਸਿੰਘ ਦੀ ਨਵਜੋਤ ਸਿੱਧੂ ਨਾਲ ਨੇੜਤਾ ਹੈ। ਉਹ ਦੋਵੇਂ ਇਕੱਠੇ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸੀ। ਪਰਗਟ ਸਿੰਘ ਕਈ ਵਾਰ ਸਰਕਾਰ ਦੇ ਕੰਮਕਾਜ਼ 'ਤੇ ਸਵਾਲ ਉਠਾ ਸਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਈ ਵਿਧਾਇਕ ਕੈਪਟਨ ਤੋਂ ਖਫਾ ਹਨ ਪਰ ਹਾਲ ਦੀ ਘੜੀ ਉਹ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ।