ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਬਿਮਾਰੀ ਗੰਭੀਰ ਹੋ ਗਈ ਹੈ। ਉਹ ਬੁਖਾਰ ਕਰਕੇ ਹਸਪਤਾਲ ਦਾਖਲ ਹੋਏ ਸੀ ਜਿਸ ਮਗਰੋਂ ਗਲੇ ਦਾ ਛੋਟਾ ਜਿਹਾ ਆਪ੍ਰੇਸ਼ਨ ਕੀਤਾ ਗਿਆ ਸੀ। ਇਸ ਮਗਰੋਂ ਆਈਆਂ ਰਿਪੋਰਟਾਂ ਵਿੱਚ ਪਤਾ ਲੱਗਾ ਕਿ ਮਾਮਲਾ ਗੰਭੀਰ ਹੈ। ਬੁੱਧਵਾਰ ਨੂੰ ਮੁਹਾਲੀ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ’ਚ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ।

ਇਹ ਵੀ ਜਾਣਕਾਰੀ ਮਿਲੀ ਹੈ ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਵੇਲੇ ਉਨ੍ਹਾਂ ਦੀ ਪੇਟ ਦੀ ਅੰਤੜੀ ਦਾ ਅਪਰੇਸ਼ਨ ਕੀਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਫੋਰਟਿਸ ਹੈਲਥ ਕੇਅਰ ਦੇ ਮੈਡੀਕਲ ਡਾਇਰੈਕਟਰ ਡਾ. ਅਭਿਜੀਤ ਸਿੰਘ ਨੇ ਦੱਸਿਆ ਕਿ ਬ੍ਰਹਮ ਮਹਿੰਦਰਾ ਦੇ ਦਿਲ ਵਿੱਚ ਬਲਾਕਿਜ ਸੀ, ਜਿਸ ਕਰਕੇ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਆਈਸੀਯੂ ਵਿੱਚ ਦਾਖ਼ਲ ਹਨ ਤੇ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਪੇਟ ਦੀਆਂ ਅੰਤੜੀਆਂ ਵਾਲੀਆਂ ਦਿੱਕਤਾਂ ਵੀ ਅਪਰੇਸ਼ਨ ਤੋਂ ਬਾਅਦ ਲਗਪਗ ਠੀਕ ਹੋ ਗਈਆਂ ਹਨ।

ਹਾਸਲ ਜਾਣਕਾਰੀ ਅਨੁਸਾਰ ਲੰਘੇ ਐਤਵਾਰ ਦੀ ਰਾਤ ਅਚਾਨਕ ਕੈਬਨਿਟ ਮੰਤਰੀ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੇਟ ਦੀਆਂ ਅੰਤੜੀਆਂ ਖ਼ਰਾਬ ਦੱਸੀਆਂ ਜਾ ਰਹੀਆਂ ਸਨ। ਪਤਾ ਲੱਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਪਰੇਸ਼ਨ ਕੀਤੇ ਜਾਣੇ ਹਨ।