ਮੋਗਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ ਦੇ ਰਸਮੀ ਆਗ਼ਾਜ਼ ਵਜੋਂ ਸਮਝੀ ਜਾਣ ਵਾਲੀ ਇਸ ਰੈਲੀ ਲਈ ਪਾਰਟੀ ਨੇ ਖਾਸੇ ਪ੍ਰਬੰਧ ਕੀਤੇ ਹਨ, ਜਿਨ੍ਹਾਂ ਵਿੱਚ 12 ਸੈਕਟਰਾਂ 'ਚ ਵੰਡੇ ਪੰਡਾਲ, ਸਖ਼ਤ ਸੁਰੱਖਿਆ ਪ੍ਰਬੰਧ ਤੇ ਕਾਂਗਰਸ ਸਰਕਾਰ ਵਿਰੋਧੀ ਬੋਲਣ ਵਾਲੇ ਦੀ ਜ਼ੁਬਾਨ ਬੰਦ ਕਰਨ ਲਈ ਵਿਸ਼ੇਸ਼ ਤੌਰ 'ਤੇ ਕੰਬਲ ਮੁਹੱਈਆ ਕਰਵਾਏ ਗਏ ਹਨ।

ਜ਼ਰੂਰ ਪੜ੍ਹੋ- ਰਾਹੁਲ ਦੀ ਰੈਲੀ ਲਈ ਕੈਪਟਨ ਨੇ ਉਜਾੜੀ 100 ਏਕੜ ਫਸਲ ਪਰ ਮੁਆਵਜ਼ੇ ਲਈ ਸਰਕਾਰੀ ਖ਼ਜ਼ਾਨੇ ਨੂੰ ਖੋਰਾ

ਰੈਲੀ ਵਿੱਚ ਖੁਫ਼ੀਆ ਸਣੇ ਤਕਰੀਬਨ 6,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਤਕਰੀਬਨ ਇੱਕ ਹਜ਼ਾਰ ਮੁਲਾਜ਼ਮਾਂ ਨੂੰ ਰੈਲੀ ਪ੍ਰਬੰਧਾਂ ਲਈ ਪਾਸ ਜਾਰੀ ਕੀਤੇ ਗਏ ਹਨ। ਪੰਡਾਲ ’ਚ ਤਾਇਨਾਤ ਸਾਦਾ ਵਰਦੀ ਪੁਲਿਸ ਮੁਲਾਜ਼ਮਾਂ ਦੇ ਹੱਥਾਂ ’ਚ ਕੰਬਲਾਂ ਤੋਂ ਇਲਾਵਾ ਕਾਂਗਰਸ ਦੇ ਝੰਡੇ ਤੇ ਬੈਨਰ ਫੜਾਏ ਗਏ ਹਨ, ਜਿਸ ਦਾ ਮੰਤਵ ਪੰਡਾਲ ’ਚ ਸਰਕਾਰ ਜਾਂ ਪਾਰਟੀ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਉਤੇ ਕੰਬਲ ਸੁੱਟ ਕੇ ਆਵਾਜ਼ ਦਬਾਉਣ ਦਾ ਹੋਵੇਗਾ।


ਪੰਜਾਬ ਕਾਂਗਰਸ ਵੱਲੋਂ ਰੈਲੀ ਪ੍ਰਬੰਧਾਂ ਬਾਰੇ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ’ਚ ਇਸ ਰੈਲੀ ਨੂੰ ਮਜ਼ਦੂਰ-ਬੇਜ਼ਮੀਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਾਲਾ ਸਮਾਗਮ ਦੱਸਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਰੈਲੀ ਦਾ ਨਾਂ ‘ਜੈ ਕਿਸਾਨ ਜੈ ਹਿੰਦੁਸਤਾਨ’ ਤੇ ਪੰਡਾਲ ਦਾ ਨਾਂ ਪੁਲਵਾਮਾ ਹਮਲੇ ’ਚ ਸ਼ਹੀਦ ਇੱਥੋਂ ਦੇ ਸੀਆਰਪੀਐਫ ਜਵਾਨ ਜੈਮਲ ਸਿੰਘ ਦੇ ਨਾਂ ਉੱਤੇ ਰੱਖਣ ਦਾ ਐਲਾਨ ਹੋਇਆ ਸੀ। ਹੁਣ ਰੈਲੀ ਲਈ ਬਣਾਏ ਗਏ ਮੰਚ ਉੱਤੇ ‘ਵਧਦਾ ਪੰਜਾਬ, ਬਦਲਦਾ ਪੰਜਾਬ’ ਦਾ ਬੈਨਰ ਲਾਇਆ ਗਿਆ ਹੈ, ਯਾਨੀ ਕਿ ਇਹ ਪੰਜਾਬ ਸਰਕਾਰ ਦੇ ਕਰਜ਼ ਮੁਕਤੀ ਸਮਾਗਮ ਵਾਲੀ ਰੈਲੀ ਬਣ ਗਈ।

ਇਸ ਤਰ੍ਹਾਂ ਕਾਂਗਰਸ ਨੇ ਇੱਕ ਪੰਥ ਨਾਲ ਦੋ ਕਾਜ ਕੀਤੇ ਜਾਪਦੇ ਹਨ। ਦੂਜੇ ਸ਼ਬਦਾਂ ਵਿੱਚ ਇਸ ਨੂੰ ਸਰਕਾਰੀ ਖਰਚੇ 'ਤੇ ਸਿਆਸੀ ਰੈਲੀ ਕਿਹਾ ਜਾ ਸਕਦਾ ਹੈ। ਰੈਲੀ ਲਈ 125 ਏਕੜ ਰਕਬੇ 'ਚ ਖੜ੍ਹੀ ਵੱਖ-ਵੱਖ ਕਿਸਮ ਦੀ ਫਸਲ ਨੂੰ ਨਸ਼ਟ ਕੀਤਾ ਗਿਆ ਤੇ ਮੈਦਾਨ ਸਾਫ ਕੀਤੇ ਗਏ। ਕਿਸਾਨਾਂ ਨੂੰ ਇਸ ਬਾਬਤ 40,000 ਰੁਪਏ ਫ਼ੀ ਏਕੜ ਮੁਆਵਜ਼ਾ ਵੀ ਦਿੱਤਾ ਜਾਵੇਗਾ। ਬੀਤੇ ਦਿਨੀਂ 'ਏਬੀਪੀ ਸਾਂਝਾ' 'ਤੇ ਹੀ ਮੋਗਾ ਦੇ ਡੀਸੀ ਸੰਦੀਪ ਹੰਸ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ। ਪਰ ਉਦੋਂ ਇਹੋ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਭਾਵ ਕਾਂਗਰਸ ਦੀ ਸਿਆਸੀ ਰੈਲੀ ਹੋਣ ਜਾ ਰਹੀ ਹੈ।


ਖਰਚਾ ਬਚਾਉਣ ਲਈ ਕੈਪਟਨ ਸਰਕਾਰ ਨੇ ਤੱਤੇ ਘਾਹ ਇਸ ਸਿਆਸੀ ਰੈਲੀ ਨੂੰ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਾਲੇ ਸਮਾਗਮ ਵਿੱਚ ਤਬਦੀਲ ਕਰਨ ਦਾ ਫੈਸਲਾ ਤਾਂ ਲੈ ਲਿਆ, ਪਰ ਇਸ ਦੇ ਪ੍ਰਬੰਧ ਬੇਹੱਦ ਮਾੜੇ ਹੋਏ। ਇਸ ਦੀ ਪੁਸ਼ਟੀ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕੀਤੀ।

ਉਨ੍ਹਾਂ ਇਸ ਕਰਜ਼ਮੁਆਫੀ ਦੀ ਮਨਸ਼ਾ 'ਤੇ ਸਵਾਲ ਖੜ੍ਹਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਸੂਚੀ ਨਹੀਂ ਆਈ ਕਿ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਮਾਗਮ ਵਿੱਚ ਪੰਜ ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ ਹੋਵੇਗਾ ਪਰ ਦੂਜੇ ਪਾਸੇ ਪਿੰਡਾਂ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਈ ਸੱਦਾ-ਸੂਚਨਾ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਦਾ ਕਰਜ਼ਾ ਮੁਆਫ ਹੋਇਆ।

ਦੇਖੋ ਵੀਡੀਓ-