ਚੰਡੀਗੜ੍ਹ: ਓਬੀਸੀ ਬੈਂਕ ਕਰਜ਼ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਮਾਦ ਗੁਰਪਾਲ ਸਿੰਘ ਦਾ ਨਾਂ ਆਉਣ ਮਗਰੋਂ ਵੀ ਕਾਂਗਰਸ ਝੁਕ ਨਹੀਂ ਰਹੀ ਸਗੋਂ ਸੱਤਾਧਿਰ ਬੀਜੇਪੀ ਨੂੰ ਵੰਗਾਰਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਦੋਸ਼ੀ ਹੋਵੇ ਤਾਂ ਸਜ਼ਾ ਦਿਓ ਪਰ ਨੀਰਵ ਮੋਦੀ ਬਾਰੇ ਵੀ ਤਾਂ ਕੁਝ ਬੋਲੋ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ 'ਏਬੀਪੀ ਨਿਊਜ਼' ਨੂੰ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਰਾਜਨੀਤਕ ਰੰਜਿਸ਼ ਕਾਰਨ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਇਸ ਮਾਮਲੇ ਦੀ ਜਾਂਚ ਹੋਵੇ ਜੇਕਰ ਕਿਸੇ ਨੇ ਵੀ ਮੁਲਕ ਦੇ ਪੈਸੇ ਖਾਧੇ ਹਨ ਤਾਂ ਉਸ ਨੂੰ ਸਜ਼ਾ ਮਿਲੇ ਭਾਵੇਂ ਉਹ ਅਮਿਤ ਸ਼ਾਹ ਦੇ ਮੁੰਡੇ ਹੋਣ ਜਾਂ ਮੁੱਖ ਮੰਤਰੀ ਦੇ ਜਵਾਈ।

ਜਾਖੜ ਨੇ ਐਕਸ਼ਨ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਇਹ ਸ਼ੱਕ ਹੈ ਕਿ ਪਿਛਲੇ 10 ਦਿਨਾਂ ਤੋਂ ਜਦ ਰਾਹੁਲ ਗਾਂਧੀ ਨੇ ਨੀਰਵ ਮੋਦੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨੂੰ ਚੁੱਪੀ ਤੋੜਨ ਲਈ ਸਵਾਲ ਚੁੱਕਿਆ ਤਾਂ ਧਿਆਨ ਹਟਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਇਹ ਕਾਰਵਾਈ ਰਾਜਨੀਤਕ ਰੰਜਿਸ਼ ਹੋ ਸਕਦੀ ਹੈ।

ਕਾਬਲੇਗੌਰ ਹੈ ਕਿ ਓਬੀਸੀ ਬੈਂਕ ਕਰਜ਼ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਮਾਦ ਗੁਰਪਾਲ ਸਿੰਘ ਨਾਲ ਜੁੜੀ ਚੀਨੀ ਮਿਲ ਖਿਲਾਫ ਸੀਬੀਆਈ ਦੇ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਬੀਜੇਪੀ ਨੂੰ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ। ਦੂਜੇ ਪਾਸੇ ਬੀਜੇਪੀ ਦੇ ਇਸ ਹਮਲੇ ਦੇ ਬਾਵਜੂਦ ਕਾਂਗਰਸ ਬੈਕਫੁਟ 'ਤੇ ਜਾਣ ਨੂੰ ਤਿਆਰ ਨਹੀਂ।