ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਅੰਮ੍ਰਿਤਸਰ ਸਥਿਤ ਕੈਂਪ ਦਫਤਰ ਨੂੰ ਤਾਲਾ ਲਾਉਣ ਪਹੁੰਚੇ ਯੂਥ ਕਾਂਗਰਸ ਦੇ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਕਈ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

 

 

ਯੂਥ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਜੋਸ਼ੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਸ਼ਹਿਰ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ। ਜ਼ਿਲ੍ਹੇ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਬਾਰਸ਼ ਦਾ ਮੌਸਮ ਹੋਣ ਕਰਕੇ ਸ਼ਹਿਰ ਦੀਆਂ ਸੜਕਾਂ ਨੇ ਤਾਲਾਬ ਦਾ ਰੂਪ ਅਖਤਿਆਰ ਕਰ ਲਿਆ ਹੈ। ਨਗਰ ਨਿਗਮ ਤੇ ਮੰਤਰੀ ਵੱਲੋਂ ਇਸ ਬਾਰੇ ਕੋਈ ਧਿਆਨ ਨਹੀਂ ਦੇ ਰਹੇ। ਇਸੇ ਕਰਕੇ ਪਾਰਟੀ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਦਫਤਰ ਨੂੰ ਤਾਲਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

 

 

ਉਧਰ, ਕਾਂਗਰਸੀ ਵਰਕਰਾਂ ਦੇ ਇਸ ਥਾਂ ਆਉਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਗਏ ਤਾਂ ਜੋ ਕਾਂਗਰਸੀ ਜੋਸ਼ੀ ਦੇ ਦਫਤਰ ਨੂੰ ਤਾਲਾ ਲਾਉਣ ਵਿੱਚ ਕਾਮਯਾਬ ਨਾ ਹੋ ਸਕਣ। ਕਾਂਗਰਸੀਆਂ ਨੇ ਜਦੋਂ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਪਾਰ ਕਾਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਹਲਕੇ ਬਲ ਦੀ ਵਰਤੋਂ ਵੀ ਕੀਤੀ। ਇਸ ਮਗਰੋਂ ਕਈ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।