ਮੰਡੀ ਗੋਬਿੰਦਗੜ੍ਹ: ਨੈਸ਼ਨਲ ਹਾਈਵੇ 'ਤੇ ਇੱਕ ਓਵਰ ਬ੍ਰਿਜ 'ਤੇ ਖੜ੍ਹੇ ਪੈਂਚਰ ਟਰੱਕ ਨਾਲ ਸਕਾਰਪੀਓ ਗੱਡੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਸਕਾਰਪੀਓ ਵਿੱਚ ਬੈਠੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣੇ ਮੁੱਲੇਪੁਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਤੇ ਹੌਲਦਾਰ ਅਮਨਦੀਪ ਸਿੰਘ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਥਾਣਾ ਮੁੱਲੇਪੁਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਬੈਨੀਪਾਲ ਆਪਣੇ ਸਾਥੀ ਹੌਲਦਾਰ ਅਮਨਦੀਪ ਸਿੰਘ ਨਾਲ ਖੰਨਾ ਵਾਲੇ ਪਾਸਿਓਂ ਸਰਹਿੰਦ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਮੰਡੀ ਗੋਬਿੰਦਗੜ੍ਹ ਵਿੱਚ ਚਾਨਣ ਰਾਮ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਇੱਕ ਟਰੱਕ ਪੈਂਚਰ ਹੋਣ ਕਾਰਨ ਸੜਕ 'ਤੇ ਖੜ੍ਹਾ ਸੀ। ਅਚਾਨਕ ਸਕਾਰਪੀਓ ਗੱਡੀ ਦਾ ਬੈਲੰਸ ਵਿਗੜ ਗਿਆ। ਇਸ ਤੋਂ ਬਾਅਦ ਸਕਾਰਪੀਓ ਗੱਡੀ ਟਰੱਕ ਦੇ ਥੱਲੇ ਵੜ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਗੱਡੀ ਦਾ ਮਾੜਾ ਹਾਲ ਹੋ ਗਿਆ।
ਇਸ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਤੇ ਗੱਡੀ ਚਲਾ ਰਹੇ ਹੌਲਦਾਰ ਅਮਨਦੀਪ ਸਿੰਘ ਨੂੰ ਬਾਹਰ ਕੱਢਿਆ। ਇੰਸਪੈਕਟਰ ਨੂੰ ਇਲਾਜ ਲਈ ਲੁਧਿਆਣਾ ਡੀ.ਐਮ.ਸੀ ਭੇਜਿਆ ਗਿਆ। ਹੌਲਦਾਰ ਸਿੱਧੂ ਨੂੰ ਦੁਰਾਹੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਦੋਹਾਂ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ।