ਜਲੰਧਰ: ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਾਂਗਰਸ ਨੇ ਅੱਜ ਸੂਬੇ ਭਰ 'ਚ ਰੋਸ ਮੁਜ਼ਾਹਰੇ ਕੀਤੇ। ਜਲੰਧਰ 'ਚ ਜ਼ਿਲ੍ਹਾ ਕਾਂਗਰਸ ਦਫਤਰ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੱਢਿਆ ਗਿਆ। ਡੀਸੀ ਦਫਤਰ ਚੌਕ 'ਚ ਕਾਂਗਰਸੀਆਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ।

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਖਿਲਾਫ ਅੱਜ ਪੂਰੇ ਸੂਬੇ 'ਚ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਪੂਰੇ ਮੁਲਕ ਦੇ ਲੋਕਾਂ 'ਚ ਰੋਹ ਹੈ। ਸਰਕਾਰ ਦੀਆਂ ਨੀਤੀਆਂ ਕਰਕੇ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਜੇਕਰ ਸਰਕਾਰ ਮਹਿੰਗਾਈ ਘਟਾਉਣ ਵੱਲ ਧਿਆਨ ਨਹੀਂ ਦਿੰਦੀ ਤਾਂ ਅਸੀਂ ਅੱਗੇ ਵੀ ਇਸੇ ਤਰ੍ਹਾਂ ਸਰਕਾਰ ਦਾ ਪਿੱਟ ਸਿਆਪਾ ਕਰਦੇ ਰਹਾਂਗੇ।

ਪੰਜਾਬ ਕਾਂਗਰਸ ਦੇ ਸੈਕਟਰੀ ਮਨੋਜ ਅਗਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਹੜੇ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ 'ਤੇ ਖਰੀ ਨਹੀਂ ਉੱਤਰੀ। ਲੋਕ ਰੋਟੀ ਖਾਣ ਤੋਂ ਵੀ ਔਖੇ ਹੋ ਰਹੇ ਹਨ। ਸਰਕਾਰ ਦੀਆਂ ਨੀਤੀਆਂ ਕਾਰਨ ਵਪਾਰੀਆਂ ਦੇ ਵਪਾਰ ਬੰਦ ਹੋ ਰਹੇ ਹਨ। ਇਹੀ ਹਾਲ ਰਿਹਾ ਤਾਂ ਮੁਲਕ ਤਬਾਹ ਹੋ ਜਾਵੇਗਾ। ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਮੁਜ਼ਾਹਰੇ ਕਰ ਰਹੇ ਹਾਂ।