ਨਵੀਂ ਦਿੱਲੀ: ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੇ ਐਲਾਨ ਨੂੰ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਨੇ ਬੇਮੇਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬੀਐਸਪੀ ਸਿਆਸੀ ਵਿਚਾਰਧਾਰਾ ਤੇ ਵਰਗੀ ਹਿੱਤਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿਸ ਦਾ ਕੋਈ ਅਸਰ ਨਹੀਂ ਹੋਵੇਗਾ।


ਹਰੀਸ਼ ਰਾਵਤ ਨੇ ਕਿਹਾ, 'ਬੀਐਸਪੀ ਇਕੱਲਿਆਂ ਲੜਦੀ ਤਾਂ ਸਾਡੇ ਲਈ ਵੋਟਕਟਵਾ ਸਾਬਤ ਹੋ ਸਕਦੀ ਸੀ, ਪਰ ਅਕਾਲੀ ਦਲ ਦੇ ਨਾਲ ਜਾਕੇ ਉਨ੍ਹਾਂ ਦਲਿਤਾਂ ਲਈ ਸੌਖਾ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੇ ਨਾਲ ਆਵੇ ਕਿਉਂਕਿ ਇਹ ਵਰਗ ਆਰਐਸਐਸ ਤੇ ਅਕਾਲੀ ਦਲ ਜਿਹੀ ਮਾਨਸਿਕਤਾ ਦੇ ਖਿਲਾਫ ਹੈ।'


ਅਕਾਲੀ ਦਲ ਤੇ ਬੀਐਸਪੀ ਦੇ ਗਠਜੋੜ ਨਾਲ ਪੰਜਾਬ ਦੀ ਦਲਿਤ ਸਿਆਸਤ ਨਵੇਂ ਸਿਰੇ ਤੋਂ ਗਰਮਾ ਗਈ ਹੈ। ਪੰਜਾਬ 'ਚ ਕੁੱਲ ਆਬਾਦੀ  ਦਾ ਕਰੀਬ 32 ਫੀਸਦ ਹਿੱਸਾ ਦਲਿਤ ਹੈ। ਸਾਰੀਆਂ ਪਾਰਟੀਆਂ ਇਸ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਕਾਲੀ ਦਲ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਸਰਕਾਰ ਬਣੀ ਤਾਂ ਉੱਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਹੋਵੇਗਾ। ਬੀਐਸਪੀ ਨਾਲ ਗਠਜੋੜ ਕਰਕੇ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਨੂੰ ਦਿਲਚਸਪ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਵੀ ਦਲਿਤ ਉਪ ਮੁੱਖ ਮੰਤਰੀ ਦਾ ਵਾਅਦਾ ਕਰ ਚੁੱਕੀ ਹੈ। ਓਧਰ ਬੀਜੇਪੀ ਨੇ ਦਲਿਤ ਸਮਾਜ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿ ਦਿੱਤੀ।


ਇਨ੍ਹਾਂ ਹਾਲਾਤਾਂ ਦੀ ਵਜ੍ਹਾ ਨਾਲ ਪੰਜਾਬ ਕਾਂਗਰਸ ਦੇ ਦਲਿਤ ਲੀਡਰ ਸਰਕਾਰ ਤੇ ਸੰਗਠਨ 'ਚ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਬੀਤੇ ਦਿਨੀਂ ਖੜਗੇ ਦੀ ਕਮੇਟੀ ਸਾਹਮਣੇ ਵੀ ਦਲਿਤ ਵਿਧਾਇਕਾਂ ਨੇ ਇਹ ਗੱਲਾਂ ਰੱਖੀਆਂ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਛੇਤੀ ਇਕ ਦਲਿਤ ਉਪ ਮੁੱਖ ਮੰਤਰੀ ਦੇਖਣ ਨੂੰ ਮਿਲ ਸਕਦਾ ਹੈ। ਦਲਿਤਾਂ ਨੂੰ ਲੁਭਾਉਣ ਲਈ ਕਾਂਗਰਸ ਉਨ੍ਹਾਂ ਨੂੰ ਸੰਗਠਨ 'ਚ ਵੀ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ।


ਇਸ ਨੂੰ ਲੈਕੇ ਸਵਾਲ ਪੁੱਛੇ ਜਾਣ 'ਤੇ ਹਰੀਸ਼ ਰਾਵਤ ਨੇ ਕਿਹਾ ਕਿ ਸਾਡੀ ਸਰਕਾਰ ਦਲਿਤਾਂ ਲਈ ਕਈ ਕਦਮ ਚੁੱਕ ਹਟੀ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਸਿਆਸੀ ਫੈਸਲੇ ਲਵਾਂਗੇ।