ਫਿਰੋਜ਼ਪੁਰ: ਕੋਲਕਾਤਾ 'ਚ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਸ਼ਨੀਵਾਰ ਫਿਰੋਜ਼ਪੁਰ ਉਸ ਦੇ ਘਰ ਪਹੁੰਚੀ। ਜੈਪਾਲ ਦੇ ਪਿਤਾ ਸੇਵਾਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਵਾਲੇ ਬੁਰੇ ਨਹੀਂ ਹੁੰਦੇ। ਪਰ ਕੁਝ ਲੋਕ ਵਿਭਾਗ 'ਚ ਅਜਿਹੇ ਹੁੰਦੇ ਹਨ ਜੋ ਮੈਡਲ ਲੈਣ ਲਈ ਐਨਕਾਊਂਟਰ ਕਰਦੇ ਹਨ।
ਉਨ੍ਹਾਂ ਕਿਹਾ ਜੋ ਜ਼ੁਰਮ ਦੀ ਦੁਨੀਆਂ 'ਚ ਜਾਂਦੇ ਹਨ ਉਨ੍ਹਾਂ ਨੂੰ ਸੁਧਾਰ ਘਰ 'ਚ ਵੀ ਰੱਖਿਆ ਜਾ ਸਕਦਾ ਹੈ। ਪਾਕਿਸਤਾਨ ਨਾਲ ਜੈਪਾਲ ਦੇ ਸਬੰਧ ਹੋਣ 'ਤੇ ਉਨ੍ਹਾਂ ਕਿਹਾ ਕਿ ਇਹ ਤਾਂ ਆਮ ਗੱਲ ਹੀ ਹੋ ਗਈ ਹੈ। ਕਿ ਜਿਸ ਦਾ ਵੀ ਜੀ ਕਰਦਾ ਉਸ ਦਾ ਇਹ ਪਾਕਿਸਤਾਨ ਨਾਲ ਸਬੰਧ ਜੋੜ ਦਿੰਦੇ ਹਨ।
ਜੈਪਾਲ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਕੋਲਕਾਤਾ ਮ੍ਰਿਤਕ ਦੇਹ ਲੈਣ ਗਏ ਤਾਂ ਉੱਥੇ ਉਨ੍ਹਾਂ ਨਾਲ ਬੁਰਾ ਵਤੀਰਾ ਕੀਤਾ ਗਿਆ। ਉਹ ਐਂਬੂਲੈਂਸ ਜ਼ਰੀਏ ਜੈਪਾਲ ਦੀ ਮ੍ਰਿਤਕ ਦੇਹ ਪੰਜਾਬ ਲੈਕੇ ਆਏ।
ਹੈਮਰ ਥ੍ਰੋਅ ਦਾ ਚੰਗਾ ਖਿਡਾਰੀ ਸੀ ਜੈਪਾਲ ਭੁੱਲਰ, ਇੰਝ ਬਣਿਆ ਖਤਰਨਾਕ ਗੈਂਗਸਟਰ
ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੀ ਬੁੱਧਵਾਰ ਕੋਲਕਾਤਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਬੁੱਧਵਾਰ ਨੂੰ ਕੋਲਕਾਤਾ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ। ਜੈਪਾਲ ਤੇ ਜੱਸੀ ਦੋਵੇਂ ਖਿਡਾਰੀ ਤੋਂ ਨਸ਼ਾ ਤਸਕਰ ਬਣ ਗਏ ਤੇ ਫਿਰ ਗੈਂਗਸਟਰ ਬਣ ਗਏ। ਗੈਂਗਸਟਰ ਜੈਪਾਲ ਸਾਲ 2003 ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੈਮਰ ਥ੍ਰੋਅ ਦੀ ਪ੍ਰੈਕਟਿਸ ਕਰਦਾ ਸੀ। ਉਹ ਪੰਜਾਬ ਦਾ ਇੱਕ ਚੰਗਾ ਹੈਮਰ ਥ੍ਰੋਅਰ ਸੀ ਤੇ ਜਲੰਧਰ ਵਿੱਚ ਵੀ ਅਭਿਆਸ ਕਰਦਾ ਰਿਹਾ ਸੀ।
ਜਲੰਧਰ ਵਿੱਚ ਉਸ ਨੇ ਸ਼ੇਰਾ ਨਾਲ ਦੋਸਤੀ ਕੀਤੀ ਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਉੱਥੋਂ ਉਹ ਮਾੜੀ ਸੰਗਤ ਵਿੱਚ ਪੈ ਗਿਆ ਤੇ 2003 ਵਿੱਚ ਉਹ ਜੁਰਮ ਦੀ ਦੁਨੀਆ ਵਿੱਚ ਦਾਖਲ ਹੋਇਆ। ਜਾਣਕਾਰੀ ਅਨੁਸਾਰ ਜੈਪਾਲ ਤੇ ਸ਼ੇਰਾ ਦੋਵੇਂ ਇਕੱਠੇ ਜਿੰਮ ਜਾਂਦੇ ਸਨ। ਇੱਥੇ ਉਸ ਨੇ ਭੈੜੇ ਮੁੰਡਿਆਂ ਨਾਲ ਦੋਸਤੀ ਕੀਤੀ। ਜਦੋਂ ਜੈਪਾਲ ਦੇ ਇੰਸਪੈਕਟਰ ਪਿਤਾ ਨੂੰ ਪਤਾ ਲੱਗਿਆ ਕਿ ਜੈਪਾਲ ਭੈੜੀ ਸੰਗਤ ਵਿੱਚ ਪੈ ਗਿਆ ਹੈ, ਤਾਂ ਉਹ ਉਸ ਨੂੰ ਆਪਣੇ ਨਾਲ ਲੁਧਿਆਣਾ ਲੈ ਆਏ।
ਇਸ ਤੋਂ ਬਾਅਦ, ਜਦੋਂ ਉਸ ਦੇ ਪਿਤਾ ਛੇ ਮਹੀਨਿਆਂ ਦੀ ਸਿਖਲਾਈ ਲਈ ਫਿਲੌਰ ਗਏ, ਤਾਂ ਜੈਪਾਲ ਨੂੰ ਆਜ਼ਾਦੀ ਮਿਲੀ। ਉਸੇ ਸਮੇਂ, ਜੈਪਾਲ ਖ਼ਿਲਾਫ਼ ਲੁਧਿਆਣਾ ਵਿੱਚ ਇੱਕ ਜ਼ਮੀਨੀ ਵਿਵਾਦ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਦੋਂ ਉਸ ਦੇ ਪਿਤਾ ਸਿਖਲਾਈ ਤੋਂ ਵਾਪਸ ਆਏ, ਜੈਪਾਲ ਗੈਂਗਸਟਰ ਬਣ ਗਿਆ ਸੀ। ਜਦੋਂ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਾਰੇ ਪਰਿਵਾਰ ਨੂੰ ਇਹ ਸ਼ਰਮਿੰਦਗੀ ਸਹਿਣੀ ਪਈ ਕਿ ਜੈਪਾਲ ਨੇ ਕਿਸੇ ਦੀ ਹੱਤਿਆ ਕਰ ਦਿੱਤੀ ਹੈ।
ਇਸ ਤੋਂ ਬਾਅਦ ਜੈਪਾਲ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ ਦੀਆਂ ਜੇਲ੍ਹਾਂ ਵਿੱਚ ਜਾਂਦਾ ਸੀ। ਜੈਪਾਲ ਤੇ ਸ਼ੇਰਾ ਦੋਵੇਂ ਇਕੱਠੇ ਜੁਰਮ ਕਰਦੇ ਸਨ। ਸਾਲ 2012 ਵਿਚ ਜਦੋਂ ਸ਼ੇਰਾ ਨੂੰ ਬਠਿੰਡਾ ਵਿੱਚ ਪੁਲਿਸ ਨੇ ਮਾਰਿਆ ਸੀ, ਤਾਂ ਜੈਪਾਲ ਨੂੰ ਬਹੁਤ ਦੁੱਖ ਹੋਇਆ ਸੀ। ਜੈਪਾਲ ਸ਼ੇਰਾ ਦੀ ਮੌਤ ਦਾ ਬਦਲਾ ਲੈਣ ਲਈ ਦ੍ਰਿੜ੍ਹ ਸੀ। ਉਸ ਨੂੰ ਸ਼ੱਕ ਸੀ ਕਿ ਗੈਂਗਸਟਰ ਜਸਵਿੰਦਰ ਰੌਕੀ ਨੇ ਸ਼ੇਰਾ ਨੂੰ ਪੁਲਿਸ ਦਾ ਮੁਖਬਰ ਬਣਾਇਆ ਸੀ।
ਜੈਪਾਲ ਨੇ 30 ਅਪਰੈਲ, 2016 ਨੂੰ ਹਰਿਆਣਾ ਦੇ ਸ਼ਹਿਰ ਕਾਲਕਾ ਲਾਗਲੇ ਹਿਮਾਚਲ ਪ੍ਰਦੇਸ਼ ਦੇ ਕਸਬੇ ਪਰਵਾਣੂ ਨੇੜੇ ਰੌਕੀ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਜੈਪਾਲ ਘਰ ਵਾਪਸ ਨਹੀਂ ਪਰਤਿਆ ਤੇ ਪੁਲਿਸ ਨੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਤੋਂ ਪਹਿਲਾਂ ਪਿਤਾ ਨੇ ਇਕ ਵਾਰ ਜੈਪਾਲ ਨੂੰ ਜ਼ਮਾਨਤ 'ਤੇ ਛੁਡਾਇਆ ਸੀ ਤੇ ਉਹ ਘਰ ਵਿਚ ਰਹਿਣ ਲੱਗ ਪਿਆ ਸੀ ਪਰ ਜੈਪਾਲ ਦੇ ਮਾੜੀ ਸੰਗਤ ਵਾਲੇ ਦੋਸਤਾਂ ਨੇ ਉਸ ਦਾ ਖਹਿੜਾ ਨਹੀਂ ਛੱਡਿਆ।
ਜੈਪਾਲ ਨੇ ਪਰਿਵਾਰ ਨੂੰ ਇਹ ਕਹਿ ਕੇ ਘਰ ਛੱਡ ਦਿੱਤਾ ਕਿ ਮੈਨੂੰ ਆਪਣੇ ਆਪ ਜਿਊਣ ਅਤੇ ਰਹਿਣ ਦਿਓ। ਇਸ ਤੋਂ ਬਾਅਦ, ਵਿੱਕੀ ਗੌਂਡਰ ਨਾਲ ਮੁਲਾਕਾਤ ਤੋਂ ਬਾਅਦ, ਉਸ ਨੇ ਇੱਕ ਗਿਰੋਹ ਬਣਾਇਆ ਅਤੇ ਲੁੱਟ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇਸ 'ਤੇ ਪਰਿਵਾਰ ਨੇ ਉਸ ਨੂੰ ਬੇਦਖਲ ਕਰ ਦਿੱਤਾ, ਹੁਣ ਤੱਕ ਜੈਪਾਲ ਖਿਲਾਫ 50 ਤੋਂ ਵੱਧ ਕੇਸ ਦਰਜ ਹਨ। ਪਿਤਾ ਨੇ ਪੁਲਿਸ ਤੋਂ ਬਚਾਉਣ ਲਈ ਆਪਣੇ ਦੂਜੇ ਬੇਟੇ ਨੂੰ ਵਿਦੇਸ਼ ਭੇਜਿਆ ਹੈ।