ਨਵੀਂ ਦਿੱਲੀ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਵਲ, ਦੂਜੇ ਨੰਬਰ 'ਤੇ ਸੋਨੀਆ ਗਾਂਧੀ, ਤੀਜੇ ਨੰਬਰ 'ਤੇ ਡਾ. ਮਨਮੋਹਨ ਸਿੰਘ, ਅੱਗੇ ਆਸ਼ਾ ਕੁਮਾਰੀ ਤੇ 5ਵੇਂ ਥਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸ਼ਾਮਲ ਹੈ। ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਨਾਂ 28ਵੇਂ ਨੰਬਰ 'ਤੇ ਹੈ।

ਪੰਜਾਬ ਦੀ ਸਿਆਸਤ ਵਿੱਚ ਆਪਣਾ ਦਬਦਬਾ ਰੱਖਣ ਵਾਲੇ ਨਵਜੋਤ ਸਿੱਧੂ ਦਾ ਨਾਂ ਇੰਨਾ ਪਿੱਛੇ ਹੋਣ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਨਿਰਾਸ਼ਾ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਮੱਤਭੇਦ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਵਿੱਚੋਂ ਰਤਾ ਕੁ ਦੂਰ ਰੱਖਿਆ ਗਿਆ ਹੈ। ਹਾਲਾਂਕਿ, ਪਾਰਟੀ ਨਵਜੋਤ ਸਿੱਧੂ ਦੇ ਭਾਸ਼ਣਾਂ ਦੀ ਵਰਤੋਂ ਕੌਮੀ ਪੱਧਰ ਦੀ ਸਿਆਸਤ ਵਿੱਚ ਖ਼ੂਬ ਵਰਤ ਰਹੀ ਹੈ।

ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਸਿੱਧੂ ਪਾਰਟੀ ਤੋਂ ਦੂਰ-ਦੂਰ ਰਹੇ ਸਨ ਤੇ 20 ਦਿਨ ਤਕ ਕਾਂਗਰਸ ਦੇ ਦਫ਼ਤਰ ਵੀ ਨਹੀਂ ਸੀ ਗਏ। ਕਾਂਗਰਸ ਦੇ ਸਮਾਗਮ ਵਿੱਚ ਸਿੱਧੂ ਨੂੰ ਮੰਚ 'ਤੇ ਬੋਲਣ ਦੀ ਥਾਂ ਨਹੀਂ ਸੀ ਦਿੱਤੀ ਗਈ ਤੇ ਹੁਣ ਉਨ੍ਹਾਂ ਨਾਲ ਪ੍ਰਚਾਰਕਾਂ ਦੇ ਮਾਮਲੇ ਵਿੱਚ 'ਧੱਕਾ' ਕੀਤਾ ਗਿਆ ਜਾਪਦਾ ਹੈ ਕਿਉਂਕਿ ਪਾਰਟੀ ਨੇ ਹਾਸ਼ੀਏ 'ਤੇ ਮੌਜੂਦ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਸਿੱਧੂ ਤੋਂ ਛੇ ਦਰਜੇ ਉੱਪਰ ਜਗ੍ਹਾ ਦਿੱਤੀ ਹੈ।

ਦੇਖੋ ਸੂਚੀ-