ਚੰਡੀਗੜ੍ਹ: ਭਾਖੜਾ-ਬਿਆਸ ਪ੍ਰਬੰਧਨ ਬੋਰਡ ਨੇ ਚੇਤਾਵਨੀ ਜਾਰੀ ਕੀਤਾ ਹੈ ਕਿ ਆਉਂਦੇ ਸਮੇਂ ਵਿੱਚ ਬਿਆਸ ਨਦੀ ਵਿੱਚ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ। ਇਸ ਕਰਕੇ ਲੋਕ ਦਰਿਆ ਦੇ ਨੇੜੇ ਨਾ ਜਾਣ। ਗਰਮੀ ਵਧਣ ਕਾਰਨ ਪਹਾੜਾਂ ਤੋਂ ਬਰਫ਼ ਪਿਘਲਣ ਕਾਰਨ ਲਾਰਜੀ ਤੇ ਪੰਡੋਹ ਬੰਨ੍ਹਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਬੀਬੀਐਮਬੀ ਪੰਡੋਹ ਦੇ ਅਧਿਕਾਰੀ ਜੇਪੀ ਗੁਪਤਾ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਵਿੱਚ ਤਾਪਮਾਨ ਵੱਧ ਗਿਆ ਹੈ ਤੇ ਪਹਾੜਾਂ ਤੋਂ ਲਗਾਤਾਰ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਰਕੇ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਰਜੀ ਡੈਮ ਦੇ ਗੇਟ ਖੋਲ੍ਹੇ ਜਾ ਚੁੱਕੇ ਹਨ ਤੇ ਲੋੜ ਪੈਣ 'ਤੇ ਪੰਡੋਹ ਡੈਮ ਦੇ ਗੇਟ ਵੀ ਖੋਲ੍ਹੇ ਜਾ ਸਕਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਉਹ ਲਗਾਤਾਰ ਬੰਨ੍ਹ ਦੇ ਨੇੜਲੇ ਤੇ ਹੇਠਲੇ ਇਲਾਕਿਆਂ ਵਿੱਚ ਮੁਨਿਆਦੀ ਆਦਿ ਕਰਵਾ ਕੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੇ ਹਨ। ਦਰਿਆਵਾਂ ਕੰਢੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਵਧੇਰੇ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਨਦੀ ਵਿੱਚ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਵੱਧ ਸਕਦਾ ਹੈ। ਅਜਿਹੇ ਵਿੱਚ ਨਹਾਉਣ ਜਾਂ ਸੈਲਫੀ ਖਿਚਵਾਉਣ ਆਦਿ ਲਈ ਦਰਿਆਵਾਂ ਵਿੱਚ ਜਾਣ ਵਾਲੇ ਚੌਕਸ ਰਹਿਣ ਕਿ ਪਾਣੀ ਦਾ ਪੱਧਰ ਕਦੇ ਵੀ ਵੱਧ ਸਕਦਾ ਹੈ ਤੇ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦਾ ਹੈ।