Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਵਿਰੋਧੀ ਨਵਜੋਤ ਸਿੱਧੂ ਨੂੰ ਘੇਰਦੇ-ਘੇਰਦੇ ਖੁਦ ਹੀ ਕਸੂਤੇ ਘਿਰ ਗਏ ਹਨ। ਹੁਣ ਕਾਂਗਰਸ ਨੇ ਕੈਪਟਨ ਅਮਰਿੰਦਰ ਦੇ ਉਸ ਦਾਅਵੇ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ, ਜਿਸ 'ਚ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਸੰਦੇਸ਼ ਆ ਰਹੇ ਹਨ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਪਾਰਟੀ ਦੀ ਬੁਲਾਰਨ ਸੁਪ੍ਰੀਆ ਸ੍ਰੀਨੇਤ ਨੇ ਇਹ ਵੀ ਸਵਾਲ ਕੀਤਾ ਕਿ ਜੇਕਰ ਪਾਕਿਸਤਾਨ ਤੋਂ ਕੋਈ ਸਿਫ਼ਾਰਸ਼ ਸੀ ਤਾਂ ਅਮਰਿੰਦਰ ਸਿੰਘ ਨੇ ਉਸ ਸਮੇਂ ਕੀ ਕਾਰਵਾਈ ਕੀਤੀ ਸੀ? ਅਮਰਿੰਦਰ ਸਿੰਘ ਦੇ ਬਿਆਨ ਬਾਰੇ ਸੁਪ੍ਰੀਆ ਨੇ ਕਿਹਾ, "ਅਮਰਿੰਦਰ ਸਿੰਘ ਸਾਡੇ ਵੱਡੇ ਨੇਤਾ ਸਨ, ਪਰ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹਨ, ਮੈਨੂੰ ਲੱਗਦਾ ਹੈ ਕਿ ਇਹ ਸ਼ਰਮਨਾਕ ਹੈ। ਉਹ ਸੰਵਿਧਾਨਕ ਅਹੁਦਾ ਸੰਭਾਲ ਚੁੱਕੇ ਹਨ, ਚੁਣੇ ਹੋਏ ਮੁੱਖ ਮੰਤਰੀ ਸਨ। ਅਜਿਹੀਆਂ ਗੱਲਾਂ ਕਰਨਾ ਗਲਤ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੇ ਕੀ ਕੀਤਾ? ਇਹ ਸਵਾਲ ਉਨ੍ਹਾਂ ਤੋਂ ਪੁੱਛਣਾ ਬਣਦਾ ਹੈ। ਉਨ੍ਹਾਂ ਨੇ ਸੁਰਖੀਆਂ ਬਟੋਰਨੀਆਂ ਹਨ, ਖ਼ਬਰਾਂ 'ਚ ਰਹਿਣਾ ਹੈ। ਇਹ ਸਭ ਬੇਕਾਰ ਮੁੱਦੇ ਹਨ।"


ਸੁਪ੍ਰੀਆ ਨੇ ਅੱਗੇ ਕਿਹਾ, "ਅੱਜ ਪੰਜਾਬ 'ਚ ਮੁੱਦਾ ਕਿਸਾਨਾਂ ਦਾ ਹੈ। ਅੱਜ ਪੰਜਾਬ 'ਚ ਮੁੱਦਾ ਐਮਐਸਪੀ ਦਾ ਹੈ। ਅੱਜ ਪੰਜਾਬ 'ਚ ਮੁੱਦਾ ਬੇਰੁਜ਼ਗਾਰੀ ਦਾ ਹੋਵੇਗਾ। ਅਜਿਹੇ ਮਸਲਿਆਂ ਤੋਂ ਸਿਰਫ਼ ਧਿਆਨ ਭਟਕਾਇਆ ਜਾ ਸਕਦਾ ਹੈ, ਜੋ ਉਹ ਕਰ ਰਹੇ ਹਨ।"


ਸਿੱਧੂ ਕਾਰਨ ਗਈ ਸੀ ਕੈਪਟਨ ਦੀ ਕੁਰਸੀ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਦਾ ਮੈਸੇਜ਼ ਆਇਆ ਸੀ।


ਦੱਸ ਦੇਈਏ ਕਿ ਸਿੱਧੂ ਇਸ ਸਮੇਂ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਹਨ। ਦੋਵਾਂ ਆਗੂਆਂ ਵਿਚਾਲੇ ਵਿਵਾਦ ਡੂੰਘਾ ਹੋਣ ਤੋਂ ਬਾਅਦ ਅਮਰਿੰਦਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਬਾਅਦ ਕਾਂਗਰਸ ਨੇ ਦਲਿਤ ਚਿਹਰੇ ਨੂੰ ਅੱਗੇ ਰੱਖਦਿਆਂ ਮੁੱਖ ਮੰਤਰੀ ਦੀ ਕਮਾਨ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਸੀ।



ਇਹ ਵੀ ਪੜ੍ਹੋPunjab Congress Candidate List 2022: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904