ਟਿਕਟਾਂ ਦੇ ਰੇੜਕੇ 'ਚ ਉਲਝੀ ਕਾਂਗਰਸ
ਏਬੀਪੀ ਸਾਂਝਾ | 21 Nov 2016 02:16 PM (IST)
ਚੰਡੀਗੜ੍ਹ: ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨਾਲੋਂ ਪੱਛੜ ਗਈ ਹੈ। ਚੋਣਾਂ ਵਿੱਚ ਦੋ ਮਹੀਨੇ ਬਾਕੀ ਰਹਿ ਗਏ ਹਨ ਪਰ ਕਾਂਗਰਸ ਵਿੱਚ ਉਮੀਦਵਾਰ ਟਿਕਟਾਂ ਦੀ ਉਡੀਕ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਉਮੀਦਵਾਰ ਐਲਾਨਣ ਵਿੱਚ ਅਜੇ ਮਹੀਨਾ ਹੋਰ ਲੱਗ ਸਕਦਾ ਹੈ। ਕਾਂਗਰਸੀ ਸੂਤਰਾਂ ਮੁਤਾਬਕ ਉਮੀਦਵਾਰਾਂ ਦੀ ਪਹਿਲੀ ਸੂਚੀ ਦਸੰਬਰ ਦੇ ਪਹਿਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ ਹੈ। ਉਂਝ, ਇਸ ਬਾਰੇ ਅਜੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ 23 ਤੇ 24 ਨਵੰਬਰ ਨੂੰ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਨਾਂ ਤੈਅ ਕੀਤੇ ਜਾਣਗੇ। ਇਸ ਲਈ ਪ੍ਰਕ੍ਰਿਆ ਪੂਰੀ ਹੋਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ। ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਂ ਸਬੰਧੀ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਚੋਣ ਕਮੇਟੀ ਵਿੱਚ 34 ਮੈਂਬਰ ਹਨ ਤੇ ਸਾਰਿਆਂ ਨੇ ਇਕਮਤ ਫ਼ੈਸਲਾ ਲੈਂਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਇਸ ਦੇ ਨਾਲ ਹੀ ਕਮੇਟੀ ਨੇ ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਜੇਕਰ ਕਿਸੇ ਨੂੰ ਉਮੀਦਵਾਰਾਂ ਦੇ ਨਾਮ ਉੱਤੇ ਇਤਰਾਜ਼ ਹੈ ਤਾਂ ਉਹ ਆਪਣੀਆਂ ਸਿਫ਼ਾਰਸ਼ਾਂ ਨੂੰ ਅਗਲੀ ਕਾਰਵਾਈ ਵਾਸਤੇ ਚੋਣ ਕਮੇਟੀ ਕੋਲ ਭੇਜੇ।