ਅੰਮ੍ਰਿਤਸਰ: ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਅੱਧੇ ਅਧੂਰੇ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕੀਤੇ ਗਏ ਸਨ ਜਦਕਿ ਕਾਂਗਰਸ ਇਨ੍ਹਾਂ ਨੂੰ ਮੁਕੰਮਲ ਕਰਨ ਦਾ ਕੰਮ ਕਰ ਰਹੀ ਹੈ।
ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਦੇ ਬੀਆਰਟੀਐਸ ਪ੍ਰੋਜੈਕਟ 'ਤੇ 400 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਵੀ ਇਹ ਅਧੂਰਾ ਰਿਹਾ ਜਦਕਿ ਸਾਡੀ ਸਰਕਾਰ ਇਸ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਤੋਂ ਬੀਆਰਟੀਐਸ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੇ ਨੇਪਰੇ ਚੜ੍ਹਨ ਤੋਂ ਬਾਅਦ ਇਕ ਮਹੀਨੇ ਲਈ ਲੋਕ ਇਸ ਵਿੱਚ ਫ੍ਰੀ ਸਫ਼ਰ ਕਰ ਸਕਣਗੇ ਜਦਕਿ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਹਮੇਸ਼ਾ ਇਸ ਬੱਸ ਵਿੱਚ ਫ੍ਰੀ ਸਫ਼ਰ ਕਰਨਗੇ। ਸ਼ਰਤ ਹੈ ਕਿ ਵਿਦਿਆਰਥੀ ਸਕੂਲ ਦੀ ਵਰਦੀ 'ਚ ਹੋਣਾ ਲਾਜ਼ਮੀ ਹੈ।
ਇਸ ਮੌਕੇ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਜਲਦੀ ਹੀ ਦੋ ਨਵੇਂ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਵਿਚ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਜਾਵੇਗੀ।
ਇਸ ਮੌਕੇ ਸਿੱਧੂ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕੇਂਦਰ ਵੱਲੋਂ ਫਸਲਾਂ ਦੇ ਰੇਟ ਵਧਾਏ ਜਾਣ 'ਤੇ ਕਿਹਾ ਕਿ ਕੇਂਦਰ ਇਕ ਪਾਸੇ ਕਿਸਾਨਾਂ ਨੂੰ ਫਾਇਦਾ ਦੇ ਕੇ ਦੂਸਰੇ ਪਾਸੇ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਅਤੇ ਕੀਟਨਾਸ਼ਕ ਦਵਾਈਆਂ ਦੇ ਰੇਟ ਵਧਾ ਕੇ ਕਿਸਾਨਾਂ 'ਤੇ ਬੋਝ ਪਾ ਰਿਹਾ ਹੈ।