ਬਰਨਾਲਾ: ਪੰਜਾਬ 'ਚ ਨਸ਼ਿਆਂ ਦੇ ਮੁੱਦਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਦੀ ਦਾਣਾ ਮੰਡੀ 'ਚ ਸੂਬਾਈ ਕਨਵੈਨਸ਼ਨ ਕੀਤੀ ਗਈ।

'ਨਸ਼ਾ ਨਹੀਂ ਰੁਜ਼ਗਾਰ' ਬੈਨਰ ਹੇਠ ਕੀਤੀ ਗਈ ਕਨਵੈਨਸ਼ਨ 'ਚ ਪੰਜਾਬ ਭਰ ਦੇ ਕਿਸਾਨ ਮਰਦ-ਔਰਤਾਂ ਤੇ ਕਿਸਾਨ ਆਗੂਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਕੀਤੀ ਕਨਵੈਨਸ਼ਨ 'ਚ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਵਧ ਰਹੇ ਨਸ਼ੇ ਤੇ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਨਸ਼ਿਆਂ ਖਿਲਾਫ ਉਨ੍ਹਾਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਦਰਾਂ ਦਿਨਾਂ ਬਾਅਦ ਸਬ-ਡਵੀਜ਼ਨ ਪੱਧਰ 'ਤੇ ਰੋਸ ਧਰਨੇ ਵੀ ਦਿੱਤੇ ਜਾਣਗੇ।