ਸਰਪੰਚ ਬਣਨ ਲਈ ਡੋਪ ਟੈਸਟ ਜ਼ਰੂਰੀ !
ਏਬੀਪੀ ਸਾਂਝਾ | 13 Jul 2018 02:16 PM (IST)
ਚੰਡੀਗੜ੍ਹ: ਇਸ ਵਾਰ ਪੰਚਾਇਤੀ ਚੋਣ ਲੜਨ ਵਾਲਿਆਂ ਨੂੰ ਡੋਪ ਟੈਸਟ ਕਰਾਉਣਾ ਪਏਗਾ। ਡੋਪ ਟੈਸਟ ਨਾ ਕਰਵਾਉਣ ਵਾਲੇ ਸਰਪੰਚ ਨਹੀਂ ਬਣ ਸਕਣਗੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ 'ABP ਸਾਂਝਾ' ਨੂੰ ਦੱਸਿਆ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਦੀ ਨਾਮਜ਼ਦਗੀ ਭਰਨ ਵਾਲੇ ਉਮੀਦਵਾਰਾਂ ਦਾ 100 ਫ਼ੀਸਦੀ ਡੋਪ ਟੈਸਟ ਹੋਵੇਗਾ। ਜਿਹੜਾ ਡੋਪ ਸਰਟੀਫਿਕੇਟ ਨਹੀਂ ਦੇਵੇਗਾ, ਉਸ ਦੀ ਨਾਮਜ਼ਦਗੀ ਨਹੀਂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੂੰ ਡੋਪ ਬਾਰੇ ਲਿਖਤੀ ਰੂਪ ਵਿੱਚ ਦਿੱਤਾ ਜਾਏਗਾ। ਬਾਜਵਾ ਨੇ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਵਾਲੀਆਂ ਪੰਚਾਇਤਾਂ ਨੂੰ 10-10 ਲੱਖ ਰੁਪਇਆ ਮਿਲੇਗਾ। ਚੋਣਾਂ ਵਿੱਚ ਹਿੰਸਾ ਨਾ ਹੋਵੇ, ਇਸ ਲਈ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 2-2 ਲੱਖ ਰੁਪਿਆ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵੀ ਹੁਣ ਨਸ਼ੇੜੀਆਂ ਦਾ ਨਸ਼ਾ ਛਡਾਉਣ ਲਈ ਵਰਤੀਆਂ ਜਾਣਗੀਆਂ।