ਚੰਡੀਗੜ੍ਹ: ਨਵੰਬਰ 1984 ਦੇ ਸਿੱਖ ਕਤਲੇਆਮ ਦੀ ਜਾਂਚ ਅਜੇ ਵੀ ਬੇਹੱਦ ਮੱਠੀ ਹੈ। ਇਹ ਖੁਲਾਸਾ ਸੁਪਰੀਮ ਕੋਰਟ ਵਿੱਚ ਹੋਇਆ। ਅਦਾਲਤ ਨੂੰ ਦੱਸਿਆ ਗਿਆ ਕਿ ਜਨਵਰੀ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਅਜੇ ਵੀ ਪੂਰੀ ਨਹੀਂ ਕੀਤੀ ਗਈ। ਹੋਰ ਤਾਂ ਹੋਰ ਹਾਲੇ ਟੀਮ ਦੇ ਤੀਜੇ ਮੈਂਬਰ ਦੀ ਨਿਯੁਕਤੀ ਹੋਣੀ ਵੀ ਬਾਕੀ ਹੈ। ਉਤੋਂ ਸਿੱਟ ਨੇ 8 ਅਗਸਤ ਨੂੰ ਪਹਿਲੀ ਰਿਪੋਰਟ ਦੇਣੀ ਹੈ। ਇਸ ਤੋਂ ਸਪਸ਼ਟ ਹੈ ਕਿ ਕਤਲੇਆਮ ਦੀ ਜਾਂਚ ਪ੍ਰਤੀ ਅਜੇ ਵੀ ਕੋਈ ਗੰਭੀਰ ਨਹੀਂ ਵਿਖਾਈ ਜਾ ਰਹੀ।   ਸੁਪਰੀਮ ਕੋਰਟ ਵਿੱਚ ਕਤਲੇਆਮ ਨਾਲ ਸਬੰਧਤ ਸੁਣਵਾਈ ਦੌਰਾਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਤਲੇਆਮ ਨਾਲ ਸਬੰਧਤ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ। ਸਿੱਠ ਵੱਲੋਂ ਕੰਮ ਵੀ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਗਿਆ। ਪਟੀਸ਼ਨਰ ਦੇ ਵਕੀਲ ਮੁਤਾਬਕ ਤਿੰਨ ਮੈਂਬਰੀ ਜਾਂਚ ਟੀਮ ਵਿੱਚ ਤੀਜਾ ਮੈਂਬਰ ਸ਼ਾਮਲ ਹੀ ਨਹੀਂ ਕੀਤਾ ਗਿਆ। ਜਸਟਿਸ (ਰਿਟਾ.) ਐਸਐਨ ਢੀਂਗਰਾ ਦੀ ਅਗਵਾਈ ਵਾਲੀ ਸਿੱਟ ਵਿੱਚ ਸਾਬਕਾ ਆਈਪੀਐਸ ਅਧਿਕਾਰੀਆਂ ਰਾਜਦੀਪ ਸਿੰਘ ਤੇ ਅਭਿਸ਼ੇਕ ਦੱਤ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀ ਪਰ ਰਾਜਦੀਪ ਸਿੰਘ ਨੇ ਇਸ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ।