ਚੰਡੀਗੜ੍ਹ: ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਤੋਂ ਆਪਣੇ ਸ਼ਹਿਰ ਲਈ ਜਹਾਜ਼ ਚੜ੍ਹੇ ਨੌਜਵਾਨ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਅਤੇ ਦਿੱਲੀ ਏਅਰਪੋਰਟ 'ਤੇ ਉਸ ਦੀ ਲਾਸ਼ ਹੀ ਪੁੱਜ ਸਕੀ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ ਵਜੋਂ ਹੋਈ ਹੈ। ਬੇਅੰਤ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਸੀ।


25 ਸਾਲਾ ਨੌਜਵਾਨ ਬੇਅੰਤ ਸਿੰਘ ਨਿਊਜ਼ੀਲੈਂਡ ਤੋਂ ਆਸਟਰੇਲੀਆ ਏਅਰਲਾਈਨਜ਼ ਦੇ ਜਹਾਜ਼ ਵਿੱਚ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕਰੀਬ 3 ਸਾਲ ਪਹਿਲਾਂ ਸਪਾਉੂਸ ਵੀਜ਼ੇ 'ਤੇ ਨਿਊਜ਼ੀਲੈਂਡ ਗਿਆ ਸੀ। ਬੇਅੰਤ ਸਿੰਘ ਦੀ ਮੌਤ ਦੀ ਸੂਚਨਾ ਜਹਾਜ਼ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਤੇ ਸਰਕਾਰੀ ਅਮਲੇ ਵੱਲੋਂ ਉਸਦੇ ਵਾਰਸਾਂ ਤੱਕ ਪਹੁੰਚਾਈ ਗਈ।

ਬੇਅੰਤ ਸਿੰਘ ਮੋਗਾ ਰੋਡ ਸਥਿਤ ਪਿੰਡ ਕੋਠੇ ਥੇਹ ਵਾਲੇ ਦਾ ਜੰਮਪਲ ਸੀ। ਉਸ ਦੀ ਵੱਡੀ ਭੈਣ ਵੀ ਨਿਊਜ਼ੀਲੈਂਡ ਵਿੱਚ ਹੀ ਸਟੱਡੀ ਵੀਜ਼ਾ 'ਤੇ ਉਚੇਰੀ ਪੜ੍ਹਾਈ ਲਈ ਗਈ ਹੋਈ ਹੈ। ਉਸ ਨੇ ਬੀਤੀ ਸਵੇਰ ਬੇਅੰਤ ਸਿੰਘ ਦੀ ਮੌਤ ਹੋਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ। ਜਵਾਨ ਪੁੱਤ ਦੀ ਮੌਤ ਬਾਰੇ ਸੂਚਨਾ ਮਿਲਦਿਆਂ ਹੀ ਪਰਿਵਾਰ ਤੇ ਪਿੰਡ ਵਿੱਚ ਸੋਗ ਪੈ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਬੇਅੰਤ ਸਿੰਘ ਨੇ ਜਹਾਜ਼ ਰਾਹੀਂ ਸਵੇਰੇ 3 ਵਜੇ ਦਿੱਲੀ ਪੁੱਜਣਾ ਸੀ, ਪਰ ਉਸ ਦੀ ਲਾਸ਼ ਹੀ ਪੁੱਜੀ।

ਇਸ ਤੋਂ ਇੱਕ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ (Tauranga) ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ। 27 ਸਾਲਾ ਨੌਜਵਾਨ ਪਰਮਿੰਦਰ ਸਿੰਘ ਜੱਬਲ ਦੀ ਕਾਰ ਸ਼ਹਿਰ ਦੇ ਸਟੇਟ ਹਾਈਵੇਅ-36 ਉਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਸੀ।