ਚੰਡੀਗੜ੍ਹ: ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ ਵਾਲੇ ਅਫਸਰਾਂ ਦੀ ਸ਼ਾਮਤ ਆ ਗਈ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਲਾਹੌਰ ਜ਼ਿਲ੍ਹਾ ਸੈਸ਼ਨ ਕੋਰਟ ਨੇ ਪੁਲਿਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਹਨ।


 

ਲਾਹੌਰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਫਯਾਜ਼ ਅਹਿਮਦ ਨੇ ਐਸਐਚਓ ਇਫ਼ਤਿਖਾਰ ਅੰਸਾਰੀ, ਪੀਈਟੀਪੀਬੀ ਦੇ ਐਡੀਸ਼ਨਲ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਇਆ ਖ਼ਿਲਾਫ਼ ਸਟੇਟਸ ਕੋਅ ਦੀ ਹੁਕਮ ਅਦੂਲੀ ਕਰਨ ਬਦਲੇ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਸੁਣਵਾਈ 13 ਜੁਲਾਈ ਮੁਕੱਰਰ ਕੀਤੀ ਹੈ।

ਉਧਰ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੰਗ ਕੀਤੀ ਕਿ ਗੁਲਾਬ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਤੇ ਪਾਕਿਸਤਾਨ ਸਰਕਾਰ ਨੂੰ ਗੁਲਾਬ ਸਿੰਘ ਦੇ ਪਰਿਵਾਰ ਦਾ ਤੁਰੰਤ ਮੁੜ ਵਸੇਬਾ ਕਰਨਾ ਚਾਹੀਦਾ ਹੈ।