ਚੰਡੀਗੜ੍ਹ: ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ (Tauranga) ਵਿੱਚ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਸ਼ਹਿਰ ਦੇ ਸਟੇਟ ਹਾਈਵੇਅ-36 ਉਤੇ ਵਾਪਰੇ ਭਿਆਨਕ ਹਾਦਸੇ 27 ਸਾਲਾ ਨੌਜਵਾਨ ਪਰਮਿੰਦਰ ਸਿੰਘ ਜੱਬਲ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹੋ ਗਈ ਸੀ।


ਪਰਮਿੰਦਰ ਜੱਬਲ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਪਿਛਲੇ ਤਿੰਨ ਸਾਲਾਂ ਤੋਂ ਨਿਊਜ਼ੀਲੈਂਡ ’ਚ ਰਹਿ ਰਿਹਾ ਸੀ। ਇਸ ਸਮੇਂ ਉਹ ਵਰਕ ਵੀਜ਼ਾ ’ਤੇ ਨਿਊਜ਼ੀਲੈਂਡ ਵਿੱਚ ਹੈਲਥਨ ਵਿਜ਼ਨ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਪਰਮਿੰਦਰ ਬੀਤੀ ਸਵੇਰ ਜਦ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਰਾਹ ’ਚ ਸੜਕ ਮੀਂਹ ਨਾਲ ਗਿੱਲੀ ਹੋਣ ਕਾਰਨ ਉਸ ਦੀ ਗੱਡੀ ਸਾਹਮਣੇ ਤੋਂ ਆਉਂਦੇ ਟਰੱਕ ਨਾਲ ਟਕਰਾ ਗਈ।

ਹਾਦਸੇ ਵਿੱਚ ਪਰਮਿੰਦਰ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਟਰੱਕ ਚਾਲਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹੁਣ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ ਤੇ ਮ੍ਰਿਤਕ ਦੇ ਦੋਸਤ ਉਸ ਦੀ ਲਾਸ਼ ਪੰਜਾਬ ਭੇਜਣ ਬਾਰੇ ਵੀ ਚਾਰਾਜੋਈ ਕੀਤੀ ਜਾ ਰਹੀ ਹੈ।