Punjab Politics: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਬਾਗੀਆਂ 'ਤੇ ਸਖਤ ਕਾਰਵਾਈ ਕਰਨ ਦੇ ਮੂਡ 'ਚ ਹੈ। ਪਾਰਟੀ ਅਜਿਹੇ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗ ਰਹੀ ਹੈ, ਜੋ ਪਾਰਟੀ ਤੋਂ ਵੱਖ ਹੋ ਕੇ ਪ੍ਰੋਗਰਾਮ ਕਰ ਰਹੇ ਹਨ। ਜੇ ਇਹ ਆਗੂ ਜਵਾਬ ਨਹੀਂ ਦਿੰਦੇ ਤਾਂ ਫਿਰ ਵੀ ਇਨ੍ਹਾਂ ਖ਼ਿਲਾਫ਼ ਕਾਰਵਾਈ ਤੈਅ ਹੈ। ਮਾਹਿਰਾਂ ਅਨੁਸਾਰ ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਪਾਰਟੀ ਵਰਕਰਾਂ ਵਿੱਚ ਵਿਸ਼ਵਾਸ ਬਣਿਆ ਰਹੇ। ਨਾਲ ਹੀ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

Continues below advertisement


ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਬਾਰੇ ਪਾਰਟੀ ਨੇ ਅਜੇ ਤੱਕ ਚੁੱਪ ਧਾਰੀ ਹੋਈ ਹੈ। ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸਿੱਧੂ ਖਿਲਾਫ ਉਨ੍ਹਾਂ ਦੀ ਮੋਗਾ ਰੈਲੀ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਸਿੱਧੂ ਦੀ ਮੋਗਾ ਰੈਲੀ 21 ਜਨਵਰੀ ਨੂੰ ਹੈ। ਅਜਿਹੇ 'ਚ ਇਸ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਸਿੱਧੂ ਹਾਈਕਮਾਂਡ ਨਾਲ ਵੀ ਸਿੱਧੇ ਸੰਪਰਕ ਵਿੱਚ ਹਨ।


ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਖਰੜ ਵਿੱਚ ਕੀਤਾ ਗਿਆ। ਪਾਰਟੀ ਇੰਚਾਰਜ ਦਾ ਇਹ ਪਹਿਲਾ ਜਨਤਕ ਪ੍ਰੋਗਰਾਮ ਸੀ। ਉਥੇ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਮੌਜੂਦ ਸਨ ਪਰ ਜ਼ਿਲ੍ਹੇ ਦੇ ਕਈ ਸੀਨੀਅਰ ਆਗੂ ਗਾਇਬ ਸਨ। ਇਸ ਵਿੱਚ ਉਹ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਕੋਲ ਹਲਕੇ ਦੀ ਸਿੱਧੀ ਕਮਾਂਡ ਹੈ। ਇਸ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾ ਰਿਹਾ ਸੀ।


ਜ਼ਿਕਰ ਕਰ ਦਈਏ ਕਿ ਕਾਂਗਰਸ ਇਸ ਮਹੀਨੇ ਪੰਜਾਬ ਵਿੱਚ ਯਾਤਰਾ ਕੱਢਣ ਜਾ ਰਹੀ ਹੈ। ਇਹ ਯਾਤਰਾ ਰੋਜ਼ਾਨਾ ਦੋ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਸ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਮੈਂਬਰ ਹਾਜ਼ਰ ਹੋਣ ਜਾ ਰਹੇ ਹਨ। ਅਜਿਹੇ 'ਚ ਜੇਕਰ ਸੀਨੀਅਰ ਨੇਤਾ ਉਸ ਸਮੇਂ ਗਾਇਬ ਰਹਿੰਦੇ ਹਨ ਤਾਂ ਪਾਰਟੀ ਵਰਕਰਾਂ 'ਚ ਗਲਤ ਸੰਦੇਸ਼ ਜਾਵੇਗਾ। ਇਸ ਦੇ ਨਾਲ ਹੀ ਪਾਰਟੀ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਲੈ ਰਹੀ ਹੈ ਕਿ ਲੋਕ ਸਭਾ ਚੋਣਾਂ ਵੀ ਇਸੇ ਸਾਲ ਹੋਣੀਆਂ ਹਨ।


ਪਾਰਟੀ ਚੋਣਾਂ ਤੋਂ ਪਹਿਲਾਂ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ। ਪਾਰਟੀ ਇੰਚਾਰਜ ਦੇਵੇਂਦਰ ਯਾਦਵ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਪਾਰਟੀ ਵਿੱਚ ਅਨੁਸ਼ਾਸਨ ਤੋੜਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਾਰਟੀ ਛੱਡ ਚੁੱਕੇ ਲੋਕਾਂ ਦੀ ਘਰ ਵਾਪਸੀ ਲਈ ਵੀ ਯਤਨ ਕੀਤੇ ਜਾ ਰਹੇ ਹਨ।