Sangrur News: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਨਾਲ ਸਬੰਧਤ ਕੰਪਿਊਟਰ ਅਧਿਆਪਕਾਂ ਵੱਲੋਂ ਬੁੱਧਵਾਰ ਨੂੰ ਸਕੂਟਰ-ਮੋਟਰਸਾਈਕਲਾਂ ’ਤੇ ਮੁੱਖ ਮੰਤਰੀ ਦੀ ਕੋਠੀ, ਵਿੱਤ ਮੰਤਰੀ ਦੀ ਕੋਠੀ ਤੇ ਸ਼ਹਿਰ ਦੇ ਬਾਜ਼ਾਰਾਂ ਵਿਚ ‘ਮੁੱਖ ਮੰਤਰੀ ਭਾਲ’ ਯਾਤਰਾ ਕੱਢੀ ਗਈ। ਇਸ ਦੌਰਾਨ ਅਧਿਆਪਕ ‘ਮੁੱਖ ਮੰਤਰੀ ਮਿਲਾ ਦਿਓ’ ਨਾਅਰੇਬਾਜ਼ੀ ਕਰ ਰਹੇ ਸਨ ਜੋ ਵਾਰ-ਵਾਰ ਮੀਟਿੰਗਾਂ ਰੱਦ ਕਰਨ ਤੋਂ ਖਫ਼ਾ ਹਨ।
ਹਾਸਲ ਜਾਣਕਾਰੀ ਅਨੁਸਾਰ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੱਦੇ ਤਹਿਤ ਕੰਪਿਊਟਰ ਅਧਿਆਪਕ ਸਥਾਨਕ ਬਨਾਸਰ ਬਾਗ ਵਿਚ ਇਕੱਠੇ ਹੋਏ ਜਿਥੋਂ ਸਕੂਟਰ ਮੋਟਰਸਾਈਕਲਾਂ ’ਤੇ ‘ਮੁੱਖ ਮੰਤਰੀ ਭਾਲ’ ਯਾਤਰਾ ਸ਼ੁਰੂ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ। ਇਸ ਮਗਰੋਂ ਵਾਪਸ ਸ਼ਹਿਰ ਦੇ ਬਾਜ਼ਾਰਾਂ ਤੇ ਫ਼ਿਰ ਵਿੱਤ ਮੰਤਰੀ ਦੀ ਕੋਠੀ ਅੱਗੇ ਤੋਂ ਜਾਂਦਿਆਂ ਯਾਤਰਾ ਕੱਢਦੇ ਹੋਏ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਪੁੱਜੇ ਜਿਥੇ ਮੰਗ ਪੱਤਰ ਸੌਂਪਿਆ।
ਸ਼ਹਿਰ ਵਿਚ ਯਾਤਰਾ ਦੌਰਾਨ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂਨੀਅਨ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਰੱਦ ਕਰ ਰਹੇ ਹਨ। ਮੀਟਿੰਗਾਂ ਰੱਦ ਕਰਨ ਕਾਰਨ ਕੰਪਿਊਟਰ ਅਧਿਆਪਕ ‘ਮੁੱਖ ਮੰਤਰੀ ਭਾਲ’ ਯਾਤਰਾ ਕੱਢ ਕੇ ਮੁੱਖ ਮੰਤਰੀ ਨੂੰ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਘੁੰਮ ਕੇ ਲੱਭ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕ ਯੂਨੀਅਨ ਦੀਆਂ ਹੁਣ ਤੱਕ ਲਗਭਗ 40 ਮੀਟਿੰਗਾਂ ਕੈਬਨਿਟ ਸਬ ਕਮੇਟੀ ਤੇ ਵੱਖ-ਵੱਖ ਮੰਤਰੀਆਂ ਨਾਲ ਹੋ ਚੁੱਕੀਆਂ ਹਨ ਪਰ ਇਨ੍ਹਾਂ ਮੀਟਿੰਗਾਂ ’ਚ ਸਿਵਾਏ ਲਾਰਿਆਂ ਦੇ ਕੁੱਝ ਪੱਲੇ ਨਹੀਂ ਪਿਆ। ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਵਿਖੇ ਮੰਗ ਪੱਤਰ ਸੌਂਪਦਿਆਂ ਯਾਤਰਾ ਸਮਾਪਤ ਕੀਤੀ।
ਇਸ ਮੌਕੇ ਯੂਨੀਅਨ ਆਗੂ ਕੁਲਦੀਪ ਕੌਸ਼ਲ, ਮੰਜੂ ਰਾਣੀ, ਸੋਨੀਆ ਸਿੰਗਲਾ, ਅੰਜੂ ਜੈਨ,ਜਸਵਿੰਦਰ ਕੌਰ, ਹਰਪ੍ਰੀਤ ਕੌਰ, ਵਰਿੰਦਰ ਹੰਸ, ਦਵਿੰਦਰ ਸਿੰਘ, ਅਨਿਲ ਸ਼ਰਮਾ, ਮਨਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਤੇਜਿੰਦਰ ਬਾਂਸਲ, ਨਰੇਸ਼ ਕੁਮਾਰ, ਰਾਜਪਾਲ ਸਿੰਘ, ਜਸਵਿੰਦਰ ਸਿੰਘ , ਰਣਜੀਤ ਸਿੰਘ, ਕੁਲਦੀਪ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।