ਚੰਡੀਗੜ੍ਹ: ਲੁਧਿਆਣਾ ਨਗਰ ਨਿਗਮ ਚੋਣ ਦੇ ਨਾਲ ਅੱਜ ਗੁਰਦਾਸਪੁਰ, ਫ਼ਤਿਹਗੜ੍ਹ ਚੂੜੀਆਂ, ਦੀਨਾਨਗਰ, ਪਠਾਨਕੋਟ ਦੇ ਸੁਜਾਨਪੁਰ, ਫ਼ਾਜ਼ਿਲਕਾ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਇੱਕ-ਇੱਕ ਵਾਰਡ 'ਚ ਵੀ ਜ਼ਿਮਨੀ ਚੋਣ ਹੋਈ ਸੀ, ਜਿਸ ਦੇ ਨਤੀਜੇ ਵੀ ਆ ਗਏ ਹਨ। ਇਨ੍ਹਾਂ ਥਾਵਾਂ 'ਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਗੁਰਦਾਸਪੁਰ ਦੇ ਵਾਰਡ ਨੰਬਰ 22 ਤੋਂ ਸੁਨੀਤਾ, ਫ਼ਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ ਇੱਕ ਤੋਂ ਮਨਦੀਪ ਕੌਰ ਤੇ ਦੀਨਾਨਗਰ ਦੇ ਵਾਰਡ ਨੰਬਰ ਸੱਤ ਤੋਂ ਆਸ਼ਾ ਰਾਣੀ ਜੇਤੂ ਰਹੇ। ਤਿੰਨੋ ਮਹਿਲਾ ਉਮੀਦਵਾਰ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ਤਿੰਨਾਂ ਥਾਵਾਂ ਦੇ ਵਾਰਡਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ। ਜ਼ਿਲ੍ਹਾ ਚੋਣ ਅਧਿਕਾਰੀ ਜਗਵਿੰਦਰਜੀਤ ਸਿੰਘ ਸੰਧੂ ਮੁਤਾਬਕ ਵੋਟਿੰਗ ਸ਼ਾਂਤੀਪੂਰਵਕ ਰਹੀ। ਗੁਰਦਾਸਪੁਰ ਜ਼ਿਮਨੀ ਚੋਣ ਦਾ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸੀ, ਜਿਸ ਵਿੱਚ ਕਾਂਗਰਸ ਨੇ ਬਾਜ਼ੀ ਮਾਰ ਲਈ। ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰੇ। ਉੱਧਰ ਪਠਾਨਕੋਟ ਦੇ ਸੁਜਾਨਪੁਰ ਵਿੱਚ ਵਾਰਡ ਨੰਬਰ ਪੰਜ ਦੇ ਨੁਮਾਇੰਦੇ ਚੁਣਨ ਲਈ ਹੋਈ ਜ਼ਿਮਨੀ ਚੋਣ ਵਿੱਚ ਵੀ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਨੇ ਭਾਜਪਾ ਉਮੀਦਵਾਰ ਤਿਲਕ ਰਾਜ ਨੂੰ 110 ਵੋਟਾਂ ਨਾਲ ਮਾਤ ਦਿੱਤੀ। ਚੋਣ ਸ਼ਾਂਤੀਪੂਰਬਕ ਤਰੀਕੇ ਨਾਲ ਨੇਪਰੇ ਚੜ੍ਹੀ। ਫ਼ਾਜ਼ਿਲਕਾ ਦੇ ਵਾਰਡ ਨੰਬਰ ਸੱਤ ਤੋਂ ਕਾਂਗਰਸੀ ਉਮੀਦਵਾਰ ਵਿਮਲਾ ਰਾਣੀ 178 ਵੋਟਾਂ ਨਾਲ ਜੇਤੂ ਰਹੀ ਹੈ। ਉਨ੍ਹਾਂ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ 557 ਵੋਟਾਂ ਹਾਸਲ ਕੀਤੀਆਂ ਜਦਕਿ 21 ਲੋਕਾਂ ਨੇ ਸਾਰੇ ਉਮੀਦਵਾਰਾਂ ਨੂੰ ਨਾਪਸੰਦ ਕਰ ਦਿੱਤਾ। ਨਗਰ ਕੌਂਸਲ ਕਪੂਰਥਲਾ ਦੇ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਜ਼ਿਮਨੀ ਚੋਣ ਵਿੱਚ ਦੋਵਾਂ ਵਾਰਡਾਂ ਤੋਂ ਕਾਂਗਰਸੀ ਉਮੀਦਵਾਰ ਹੀ ਜੇਤੂ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰਬਰ 2 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਵਿਤਾ ਬਜਾਜ ਨੂੰ 1292 ਵੋਟਾਂ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 9 ਤੋਂ ਕਾਂਗਰਸ ਦੇ ਜਤਿੰਦਰ ਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਨੂੰ 491 ਵੋਟਾਂ ਨਾਲ ਹਰਾਇਆ।