ਲੁਧਿਆਣਾ: ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਉੱਪਰ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। 95 ਵਾਰਡਾਂ ਵਿੱਚੋਂ ਕਾਂਗਰਸ 62 ਉੱਪਰ ਜੇਤੂ ਰਹੀ ਹੈ। ਅਕਾਲੀ ਦਲ ਨੂੰ ਸਿਰਫ 11 ਤੇ ਬੀਜੇਪੀ ਨੂੰ 10 ਸੀਟਾਂ ਮਿਲੀਆਂ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੂੰ 7 ਤੇ ਉਨ੍ਹਾਂ ਦੀ ਭਾਈਵਾਲ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ। ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਲੋਕ ਇਨਸਾਫ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਚੋਖੀ ਉਮੀਦ ਸੀ ਪਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਵੀ ਬੈਂਸ ਭਰਾ ਆਪਣੇ ਗੜ੍ਹ ਵਿੱਚ ਕੋਈ ਬਾਹਲਾ ਕ੍ਰਿਸ਼ਮਾ ਨਹੀਂ ਵਿਖਾ ਸਕੇ। ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਲਈ ਵੋਟਾਂ 24 ਫ਼ਰਵਰੀ ਨੂੰ ਪਈਆਂ ਸੀ। ਵਿਰੋਧੀ ਧਿਰਾਂ ਨੇ ਸੱਤਾਧਿਰ ਕਾਂਗਰਸੀ ਉੱਪਰ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਦੁਬਾਰਾ ਚੋਣ ਕਰਾਉਣ ਦੀ ਵੀ ਮੰਗ ਕੀਤੀ ਸੀ।