ਅੰਮ੍ਰਿਤਸਰ: ਪੰਜਾਬ ਵਿੱਚ ਕਾਂਗਰਸ ਤੇ ਸਿੱਧੂ ਜੋੜੇ ਦੀ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ ਵਿੱਚ ਕਾਂਗਰਸ ਨੂੰ 13 ਵਿੱਚੋਂ 8 ਸੀਟਾਂ ਇਸ ਲਈ ਮਿਲੀਆਂ ਕਿਉਂਕਿ ਲੋਕਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਇਹ ਗੱਲ ਉਨ੍ਹਾਂ ਹਾਲ ਹੀ ਵਿੱਚ ਕੰਪਨੀ ਬਾਗ ਵਿੱਚ ਕੀਤੇ ਦੌਰੇ ਦੌਰਾਨ ਆਖੀ।


ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਨੂੰ ਨਹੀਂ ਦਿੱਤਾ, ਬਲਕਿ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਖ਼ਫ਼ਾ ਸਨ, ਇਸ ਲਈ ਉਨ੍ਹਾਂ ਕਾਂਗਰਸ ਨੂੰ ਚੁਣਿਆ। ਮੈਦਾਨ ਵਿੱਚ ਦੂਜਾ ਕੋਈ ਉਮੀਦਵਾਰ ਨਹੀਂ ਸੀ ਇਸ ਕਰਕੇ ਜ਼ਿਆਦਾਤਰ ਲੋਕਾਂ ਨੇ ਨੋਟਾ ਨੱਪਿਆ। ਖਹਿਰਾ ਦੀ ਅਗਵਾਈ ਵਿੱਚ ਪੰਜਾਬ ਜਮਹੂਰੀ ਗਠਜੋੜ 10.7 ਫੀਸਦ ਵੋਟਾਂ ਲੈ ਗਿਆ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਸਮੀਖਿਆ ਬੈਠਕ ਵਿੱਚ ਸਿੱਧੂ ਦੇ ਨਾ ਪਹੁੰਚਣ 'ਤੇ ਡਾ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੈਠਕ ਬੁਲਾਈ ਸੀ ਪਰ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਾਂਗਰਸ ਵਿੱਚ ਲੈ ਕੇ ਆਏ ਸੀ ਇਸ ਲਈ ਸੁਭਾਵਿਕ ਤੌਰ 'ਤੇ ਉਹ ਉਨ੍ਹਾਂ ਨੂੰ ਹੀ ਵੱਡੇ ਕੈਪਟਨ ਮੰਨਦੇ ਹਨ।