ਕਪੂਰਥਲਾ: ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਾਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਪਿੰਡਾਂ ਨੂੰ ਹਰਾ-ਭਰਾ ਕਰਨ ਦੀ ਮੁਹਿੰਮ ਦੇ ਤਹਿਤ 546 ਪਿੰਡਾਂ ਵਿੱਚ 3 ਲੱਖ ਬੂਟੇ ਲਾਉਣ ਦਾ ਬੀੜਾ ਚੁੱਕਿਆ ਹੈ। 23 ਨਵੰਬਰ, 2018 ਨੂੰ 549ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਬੂਸੇਵਾਲ ਵਿੱਚ 550 ਬੂਟੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜ਼ਿਲ੍ਹਾ ਕਪੂਰਥਲਾ ਦੇ 546 ਪਿੰਡਾਂ ਵਿੱਚੋਂ 200 ਪਿੰਡਾਂ ਵਿੱਚ 1.20 ਲੱਖ ਬੂਟੇ ਲਾਏ ਜਾ ਚੁੱਕੇ ਹਨ। ਬਾਕੀ 346 ਪਿੰਡਾਂ ਵਿੱਚ 1.80 ਬੂਟੇ ਲਾਉਣੇ ਅਜੇ ਬਾਕੀ ਹਨ।

ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੁਲਾਈ ਤਕ ਇਹ ਕੰਮ ਮੁਕੰਮਲ ਹੋ ਜਾਏਗਾ। ਦੂਜੇ ਪਾਸੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀ ਵੀ 8 ਲੱਖ ਬੂਟੇ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜਲੰਧਰ ਤੇ ਕਪੂਰਥਲਾ ਦੇ ਪਿੰਡਾਂ ਵਿੱਚ ਲਾਇਆ ਜਾਏਗਾ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੇ ਤਹਿਤ ਸੂਬੇ ਭਰ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਪਿੰਡਾਂ ਵਿੱਚ 550 ਬੂਟੇ ਲਾਉਣ ਦਾ ਟੀਚਾ ਦਿੱਤਾ ਗਿਆ ਹੈ।

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਤੇ ਕਪੂਰਥਲਾ ਦੇ 100 ਪਿੰਡਾਂ ਵਿੱਚ 55 ਹਜ਼ਾਰ ਬੂਟੇ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਢਾਈ ਲੱਖ ਬੂਟੇ ਲਾਏ ਜਾਂਦੇ ਹਨ। ਇਸ ਵਾਰ 8 ਲੱਖ ਬੂਟੇ ਲਾਏ ਜਾਣਗੇ। ਇਸ ਦੇ ਲਈ 4 ਨਰਸਰੀਆਂ ਵਿੱਚ ਬੂਟੇ ਤਿਆਰ ਕੀਤੇ ਜਾ ਰਹੇ ਹਨ। 2 ਨਰਸਰੀਆਂ ਸੀਚੇਵਾਲ, ਇੱਕ ਸੁਲਤਾਨਪੁਰ ਲੋਧੀ ਤੇ ਇੱਕ ਨਰਸਰੀ ਸੋਹਲ ਖ਼ਾਲਸਾ ਵਿੱਚ ਹੈ। ਜਲਾਈ ਵਿੱਚ ਮੌਸਮ ਬਦਲਦਿਆਂ ਹੀ ਇਹ ਬੂਟੇ ਲਾ ਦਿੱਤੇ ਜਾਣਗੇ। ਨਵੰਬਰ ਤਕ ਇਹ ਬੂਟੇ ਹਰਿਆਲੀ ਦੇਣ ਲਾਇਕ ਹੋ ਜਾਣਗੇ। ਇਸ ਤੋਂ ਇਲਾਵਾ 25 ਹਜ਼ਾਰ ਬੂਟੇ ਪੰਜਾਬ ਪੁਲਿਸ ਨੂੰ ਵੀ ਦਿੱਤੇ ਗਏ ਹਨ।