ਫਗਵਾੜਾ : ਫਗਵਾੜਾ ਵਿਖੇ ਮਹਿਲਾ ਕਾਂਗਰਸ ਦੀ ਰੈਲੀ ਤੋਂ ਪਹਿਲਾਂ ਯੂਥ ਕਾਂਗਰਸ ਦੇ ਦੋ ਗੁੱਟਾਂ ਵਿੱਚ ਜੰਮ ਕੇ ਡੰਡੇ ਚੱਲੇ। ਯੂਥ ਕਾਂਗਰਸ ਦੇ ਫਗਵਾੜਾ ਹਲਕੇ ਦੇ ਪ੍ਰਧਾਨ ਦੇ ਸਿਰ 'ਤੇ ਸੱਟ ਲੱਗੀ ਹੈ।

ਰੈਲੀ ਦੇ ਲਈ ਦੇਰ ਰਾਤ ਪੈਲੇਸ ਵਿੱਚ ਬੋਰਡ ਲਗਾਏ ਜਾ ਰਹੇ ਸਨ। ਇਸ ਦੌਰਾਨ ਹੀ ਦੂਜੇ ਗੁੱਟ ਦੇ ਯੂਥ ਕਾਂਗਰਸੀ ਲੀਡਰ ਵੀ ਉੱਥੇ ਪਹੁੰਚ ਗਏ। ਅੰਦਰ ਬੋਰਡ ਲਗਾਉਣ ਨੂੰ ਲੈ ਕੇ ਪਹਿਲਾ ਤਾਂ ਦੋਹਾਂ ਗੁੱਟਾਂ ਵਿੱਚ ਬਹਿਸ ਹੋਈ ਅਤੇ ਫਿਰ ਇਹ ਬਹਿਸ ਲੜਾਈ ਵਿੱਚ ਬਦਲ ਗਈ। ਇਸ ਦੌਰਾਨ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੋਰਵ ਖੁੱਲਰ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਦੇਰ ਰਾਤ ਵਰਕਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ। ਕੁੱਟਮਾਰ ਦੇ ਇਲਜ਼ਾਮਾਂ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਦੇ ਪੁੱਤਰ 'ਤੇ ਲੱਗੇ ਹਨ।
ਯੂਥ ਕਾਂਗਰਸ ਲੀਡਰ ਸੋਰਵ ਖੁੱਲਰ ਨੇ ਇਲਜ਼ਾਮ ਲਗਾਇਆ ਕਿ ਲੀਡਰ ਮਾਨ ਦੇ ਪੁੱਤਰ ਅਤੇ ਭਤੀਜੇ ਨੇ ਮੁੰਡਿਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਰੈਲੀ ਦੇ ਬੋਰਡ ਫਾੜ ਰਹੇ ਸਨ, ਪਰ ਜਦੋਂ ਰੋਕਿਆਂ ਗਿਆ ਤਾਂ ਇਨ੍ਹਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ, ਪਰ ਹਾਲੇ ਮਾਮਲਾ ਦਰਜ਼ ਨਹੀਂ ਹੋਇਆ ਹੈ।