Punjab News: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਪੰਜਾਬ 'ਚ ਨਸ਼ਿਆਂ ਦੀ ਰੋਕਥਾਮ 'ਤੇ ਅਹਿਮ ਚਰਚਾ ਕੀਤੀ ਅਤੇ ਕਾਂਗਰਸ ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ।


ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਦੈਨਿਕ ਭਾਸਕਰ ਵੱਲੋਂ ਪ੍ਰਕਾਸ਼ਿਤ 105 ਕਿਲੋ ਹੈਰੋਇਨ ਤੇ ਉਕਤ ਮਾਮਲੇ ਵਿੱਚ ਕਥਿਤ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੀ ਖ਼ਬਰ ਦਿਖਾਈ। ਉਕਤ ਖਬਰਾਂ ਦੀ ਕਟਿੰਗ ਦਿਖਾਉਣ ਤੋਂ ਬਾਅਦ ਤਰੁਣਪ੍ਰੀਤ ਨੇ ਕਿਹਾ- ਇਹ ਖ਼ਬਰਾਂ ਭਾਜਪਾ ਤੇ ਕਾਂਗਰਸ ਦਾ ਪਰਦਾਫਾਸ਼ ਕਰਦੀਆਂ ਹਨ।






ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਨੇ ਕਿਹਾ- ਹਾਲ ਹੀ ਵਿੱਚ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿੱਚ ਕਾਂਗਰਸ ਦੇ ਸਰਕਲ ਪ੍ਰਧਾਨ ਨਵਜੋਤ ਸਿੰਘ ਲਾਹੌਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ 105 ਕਿਲੋ ਹੈਰੋਇਨ, 31.93 ਕਿਲੋ ਕੈਫੀਨ, 17 ਕਿਲੋ ਡੀਐਮਆਰ, 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਪਿਸਤੌਲ ਬਰਾਮਦ ਹੋਇਆ।






ਤਰੁਨਪ੍ਰੀਤ ਨੇ ਕਿਹਾ- ਇਹ ਬਹੁਤ ਗੰਭੀਰ ਮੁੱਦਾ ਹੈ ਕਿ ਕਾਂਗਰਸ ਵਰਗੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਕੋਲੋਂ ਇੰਨੀ ਮਾਤਰਾ ਵਿਚ ਨਸ਼ੀਲੇ ਪਦਾਰਥ ਮਿਲੇ ਹਨ ਪਰ ਮਾਮਲਾ ਉਦੋਂ ਗੰਭੀਰ ਹੋ ਗਿਆ ਜਦੋਂ ਜਾਂਚ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਉਕਤ ਖੇਪ ਪਹਿਲਾਂ ਜੰਮੂ ਅਤੇ ਉਥੋਂ ਪੰਜਾਬ ਪਹੁੰਚੀ। ਮੰਤਰੀ ਨੇ ਕਿਹਾ- ਉਕਤ ਨਸ਼ੇ ਦੀ ਬਾਜ਼ਾਰੀ ਕੀਮਤ ਕਰੀਬ 500 ਕਰੋੜ ਰੁਪਏ ਹੈ।



ਭਾਜਪਾ ਲੀਡਰ ਵੀ ਨਸ਼ੇ ਨਾਲ ਗ੍ਰਿਫ਼ਤਾਰ


ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਦੇਹਾਤ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਭਾਜਪਾ ਨੇ ਸਤਕਾਰ ਕੌਰ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ। ਇਸ ਨੂੰ ਲੈ ਕੇ ਤਰੁਨਪ੍ਰੀਤ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ।