ਪੰਜਾਬ ਵਿੱਚ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਲੱਗਦਾ ਰਿਕਾਰਡ ਤੋੜਨਗੇ। ਇਹ ਅੰਕੜੇ ਦਿਨ ਪ੍ਰਤੀ ਦਿਨ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ 1319 ਹੋ ਗੲ ਹਨ। ਸ਼ਨੀਵਾਰ ਨੂੰ ਸਭ ਤੋਂ ਵੱਧ 15 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ, ਜਦੋਂ ਕਿ ਪਟਿਆਲਾ ਤੋਂ 12, ਸੰਗਰੂਰ ਤੋਂ 11, ਫ਼ਿਰੋਜ਼ਪੁਰ ਤੋਂ 8, ਫਤਿਹਗੜ੍ਹ ਸਾਹਿਬ ਤੋਂ 7, ਤਰਨਤਾਰਨ ਤੋਂ 3 ਅਤੇ ਬਰਨਾਲਾ ਤੋਂ ਸਭ ਤੋਂ ਘੱਟ ਇੱਕ ਕੇਸ ਸਾਹਮਣੇ ਆਇਆ ਹੈ। ਸ਼ਨੀਵਾਰ ਵਾਲੇ ਦਿਨ 82 ਮਾਮਲੇ ਦਰਜ ਕੀਤੇ ਗਏ ਹਨ।


ਪਰਾਲੀ ਸਾੜਨ ਦੇ ਦੌਰਾਨ, ਰਾਜ ਦੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਪੱਧਰ ਵੀ ਵਧ ਰਿਹਾ ਹੈ। ਸ਼ਨੀਵਾਰ ਨੂੰ ਬਠਿੰਡਾ ਵਿੱਚ 182, ਲੁਧਿਆਣਾ ਵਿੱਚ 151, ਪਟਿਆਲਾ ਵਿੱਚ 119, ਮੰਡੀ ਗੋਬਿੰਦਗੜ੍ਹ ਵਿੱਚ 115, ਜਲੰਧਰ ਵਿੱਚ 86 ਅਤੇ ਖੰਨਾ ਵਿੱਚ 104 AQI ਦਰਜ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਗ ਅਨੁਸਾਰ ਬੋਰਡ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਿਗਰਾਨੀ ਵੀ ਕਰ ਰਿਹਾ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜ਼ੁਰਮਾਨਾ ਅਤੇ ਜੁਰਮਾਨਾ ਕੀਤਾ ਜਾ ਰਿਹਾ ਹੈ।


ਓਧਰ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅਤੇ ਝੌਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਚੇਤਨਾ ਵੈਨਾਂ ਰਾਹੀਂ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਜੋਰਾਂ ਤੇ ਚਲਾਈ ਜਾ ਰਹੀ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਰਲਾਉਣ ਲਈ ਜਾਗਰੂਕ ਕਰ ਰਹੇ ਹਨ। 


ਇਹ ਜਾਣਕਾਰੀ ਦਿੰਦਿਆਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਰੰਗੀਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੇਤਨਾਂ ਵੈਨਾਂ ਰਾਹੀਂ ਜਿਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਪਰਾਲੀ ਪ੍ਰਬੰਧਨ ਲਈ ਸਬਸਿਡੀ ਤੇ ਦਿੱਤੀ ਗਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।


        ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਚੇਤਨਾ ਵੈਨਾਂ ਰਾਹੀਂ ਸਰਹਿੰਦ ਬਲਾਕ ਦੇ ਪਿੰਡ ਲੋਗੋਂਮਾਜਰੀ, ਰਿਊਣਾ ਉੱਚਾ, ਰਿਊਣਾ ਨੀਂਵਾ, ਬਹਿਲੋਲਪੁਰ, ਜਲਵੇੜ੍ਹੀ ਗਹਿਲਾਂ ਅਤੇ ਖਮਾਣੋਂ ਬਲਾਕ ਦੇ ਪਿੰਡ ਜਵੰਧਾ, ਨਾਨੋਵਾਲ, ਬਡਵਾਲਾ, ਖੇੜੀ ਭਾਈ ਕੀ, ਜੈ ਸਿੰਘ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।


 ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੇ ਕੁਸ਼ਲ ਪ੍ਰਬੰਧਨ ਅਤੇ ਆਧੁਨਿਕ ਖੇਤੀ ਮਸੀਨਾਂ ਬਾਰੇ ਲੋੜੀਂਦਾ ਲਿਟਰੇਚਰ ਵੀ ਛਪਵਾਇਆ ਗਿਆ ਹੈ ਜੋ ਕਿ ਇਨ੍ਹਾਂ ਚੇਤਨਾ ਵੈਨਾਂ ਰਾਹੀਂ ਕਿਸਾਨਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।