ਸ੍ਰੀ ਆਨੰਦਪੁਰ ਸਾਹਿਬ: ਹੋਲੇ ਮਹੱਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਪੇਚਾ ਪੈ ਗਿਆ ਹੈ। ਨਿਹੰਗ ਸਿੰਘਾਂ ਨੇ ਐਲਾਨ ਕੀਤਾ ਹੈ ਕਿ ਮਹੱਲੇ 22 ਮਾਰਚ ਨੂੰ ਹੀ ਸਜਾਇਆ ਜਾਏਗਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ 21 ਮਾਰਚ ਨੂੰ ਹੋਲੇ ਮਹੱਲੇ ਮਨਾ ਰਹੀ ਹੈ।
ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ 21 ਮਾਰਚ ਨੂੰ ਕੱਢੇ ਜਾਣ ਵਾਲੇ ਮਹੱਲੇ ਵਾਸਤੇ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤਾ ਪਰ ਉਹ ਨਾਕਾਮ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਅਖਬਾਰਾਂ ’ਚ ਦਿੱਤੇ ਗਏ ਇਸ਼ਤਿਹਾਰਾਂ ਅਨੁਸਾਰ 21 ਮਾਰਚ ਤੱਕ ਹੋਲੇ ਮਹੱਲੇ ਦੇ ਸਮਾਗਮ ਉਲੀਕੇ ਗਏ ਹਨ ਜਦਕਿ ਨਿਹੰਗ ਮੁਖੀ ਦੇ ਗੁਰਮਤੇ ਅਨੁਸਾਰ ਉਨ੍ਹਾਂ ਸੰਗਤ ਨੂੰ 22 ਮਾਰਚ ਨੂੰ ਮਹੱਲੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
ਗੁਰਮਤੇ ਉਪਰੰਤ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਰਾਤਨ ਰਵਾਇਤ ਅਨੁਸਾਰ ਸਮੁੱਚੇ ਨਿਹੰਗ ਸਿੰਘ ਦਲਾਂ ਵੱਲੋਂ ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ 22 ਮਾਰਚ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਤੇ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਤੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ ਜਾਵੇਗਾ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਦਲ ਪੰਥ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਤਰਨਾ ਦਲ ਹਰੀਆਂਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ, ਗੁਰੂ ਨਾਨਕ ਦਲ ਮੜ੍ਹੀਆਂਵਾਲਾ ਦੇ ਮੁਖੀ ਬਾਬਾ ਮਾਨ ਸਿੰਘ ਨੇ ਇਹ ਫ਼ੈਸਲਾ ਲਿਆ ਹੈ।