ਬਠਿੰਡਾ: ਪੰਜਾਬ ਪੁਲਿਸ ਨੇ ਬਾਦਲ ਪਰਿਵਾਰ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ 'ਤੇ ਫਿਰ ਸ਼ਿਕੰਜਾ ਕੱਸ ਦਿੱਤਾ ਹੈ। ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਰੱਦ ਹੋਣ ਮਗਰੋਂ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਕੋਲਿਆਂਵਾਲੀ ਪੂਰੇ ਪਰਿਵਾਰ ਸਣੇ ਰੂਪੋਸ਼ ਹੋ ਗਿਆ ਹੈ। ਕੋਲਿਆਂਵਾਲੀ ਆਮਦਨ ਤੋਂ ਜਾਇਦਾਦ ਬਣਾਉਣ ਸਬੰਧੀ ਮਾਮਲੇ ਵਿੱਚ ਜ਼ਮਾਨਤ 'ਤੇ ਆਇਆ ਹੋਇਆ ਸੀ। ਹੁਣ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਰੱਦ ਹੋ ਗਈ ਹੈ। ਵਿਜੀਲੈਂਸ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕੱਲ੍ਹ ਸ਼ਾਮ ਕੋਲਿਆਂਵਾਲੀ ਦੇ ਘਰ ਕੋਲਿਆਂਵਾਲੀ ਵਿੱਚ ਤੇ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਲਿਆਂਵਾਲੀ ਨੂੰ ਹਿਰਾਸਤ ਵਿੱਚ ਲੈਣ ਲਈ ਟੀਮਾਂ ਬਣਾ ਕੇ ਉਸ ਦੇ ਨਜ਼ਦੀਕੀਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਦੀ ਭਾਲ ਅਜੇ ਤੱਕ ਜਾਰੀ ਹੈ। ਉਨ੍ਹਾਂ ਦੀ ਟੀਮ ਵੱਲੋਂ ਕੋਲਿਆਂਵਾਲੀ ਤੇ ਉਸ ਦੇ ਭਰਾ ਦੇ ਘਰ ਰੇਡ ਕੀਤੀ। ਉਨ੍ਹਾਂ ਨੂੰ ਇੱਥੇ ਸਿਰਫ ਉਨ੍ਹਾਂ ਦੇ ਕਰਿੰਦੇ ਹੀ ਮਿਲੇ।