Amritsar News: ਅੰਮ੍ਰਿਤਸਰ ਵਿੱਚ ਇੱਕ ਸਿੱਖ ਵਿਅਕਤੀ ਦੇ ਮਸਜਿਦ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਨਿਹੰਗ ਸਿੰਘ ਭੂਪਿੰਦਰ ਸਿੰਘ ਬੱਗਾ ਨੇ ਐਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਲੋਕਾਂ ਵੱਲੋਂ ਇਸ ਤਰ੍ਹਾਂ ਮਸਜਿਦ ਜਾਣਾ ਠੀਕ ਨਹੀਂ ਹੈ। ਉਨ੍ਹਾਂ ਇਸ ਮਾਮਲੇ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ।
ਜਾਣਕਾਰੀ ਮੁਤਾਬਕ, ਨਿਹੰਗ ਸਿੰਘ ਨੇ ਇੱਕ ਸਿੱਖ ਵਿਅਕਤੀ ਨੂੰ ਮਸਜਿਦ ਵੱਲ ਜਾਂਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਬਾਅਦ ਵਿੱਚ ਮਸਜਿਦ ਚਲਾ ਗਿਆ। ਵਾਪਸ ਆਉਣ 'ਤੇ ਨਿਹੰਗ ਸਿੰਘ ਨੇ ਉਸ ਨਾਲ ਗੱਲਬਾਤ ਕੀਤੀ ਅਤੇ ਮੋਬਾਈਲ 'ਤੇ ਵੀਡੀਓ ਬਣਾਉਂਦੇ ਹੋਏ ਮਸਜਿਦ ਜਾਣ ਦਾ ਕਾਰਨ ਪੁੱਛਿਆ।
ਸੰਬੰਧਿਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਮੱਝ ਦੀ ਬਿਮਾਰੀ ਦੇ ਇਲਾਜ ਲਈ ਸਲਾਹ ਲੈਣ ਵਾਸਤੇ ਉਹ ਮੌਲਵੀ ਕੋਲ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਮਸਜਿਦ ਵਿੱਚ ਨਾ ਮੱਥਾ ਟੇਕਿਆ ਅਤੇ ਨਾ ਹੀ ਕੋਈ ਧਾਰਮਿਕ ਚੀਜ਼ ਆਪਣੇ ਨਾਲ ਲਈ।
ਇਸ ਤੋਂ ਬਾਅਦ ਨਿਹੰਗ ਸਿੰਘ ਨੇ ਮੌਲਵੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਇਸ ਮਾਮਲੇ 'ਤੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪਿੰਡ ਦੀ ਪੰਚਾਇਤ ਅਤੇ ਹੋਰ ਸਥਾਨਕ ਸੰਸਥਾਵਾਂ ਦੇ ਸਾਹਮਣੇ ਵੀ ਉਠਾਉਣਗੇ।
ਭੂਪਿੰਦਰ ਸਿੰਘ ਬੱਗਾ ਨੇ ਪਿੰਡ ਦੇ ਗ੍ਰੰਥੀ ਸਿੰਘਾਂ, ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਿੱਚ ਇਸ ਸਬੰਧੀ ਹੋਰ ਜਾਣਕਾਰੀ ਵੀ ਲੋਕਾਂ ਕੋਲ ਮੌਜੂਦ ਹੈ ਅਤੇ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਨਿਹੰਗ ਸਿੰਘ ਨੇ ਵੀਡੀਓ ਰਾਹੀਂ ਮੌਲਵੀ ਨੂੰ ਇੱਕ ਹਫ਼ਤੇ ਦੇ ਅੰਦਰ ਪਿੰਡ ਛੱਡਣ ਲਈ ਕਿਹਾ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਧਰਨਾ ਦੇਣਗੇ। ਹਾਲਾਂਕਿ, ਇਸ ਸਬੰਧੀ ਦੂਜੇ ਪੱਖ ਜਾਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
