Controversy Over Moosewala Documentary Screening in Mumbai: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿਤਾ ਬਲਕੌਰ ਸਿੰਘ ਨੇ ਚੈਨਲ ਵੱਲੋਂ ਤਿਆਰ ਕੀਤੀ ਗਈ ਇਸ ਡਾਕੂਮੈਂਟਰੀ 'ਤੇ ਸਖ਼ਤ ਇਤਰਾਜ ਜਤਾਉਂਦੇ ਹੋਏ ਲੀਗਲ ਨੋਟਿਸ ਭੇਜਿਆ ਹੈ। ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਦੇ ਡੀਜੀਪੀ ਅਤੇ ਜੁਹੂ ਪੁਲਿਸ ਨੂੰ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਸਥਿਤ ਸੋਹੋ ਹਾਊਸ ਵਿੱਚ ਹੋਣ ਵਾਲੀ ਇਸ ਸਕਰੀਨਿੰਗ ਨੂੰ ਰੋਕਣ ਦੀ ਮੰਗ ਵੀ ਰੱਖੀ ਹੈ।
ਮੂਸੇਵਾਲਾ ਦੇ ਪਰਿਵਾਰ ਦੇ ਲੀਗਲ ਕੌਂਸਲਰ ਗੁਰਬਿੰਦਰ ਸਿੰਘ ਵੱਲੋਂ ਡਾਕੂਮੈਂਟਰੀ ਦੀ ਪ੍ਰੋਡਿਊਸਰ ਅਤੇ ਸੀਰੀਜ਼ ਪ੍ਰੋਡਿਊਸਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਜਿਸ ਵਿੱਚ ਪਿਤਾ ਬਲਕੌਰ ਸਿੰਘ ਨੇ ਆਰੋਪ ਲਗਾਇਆ ਹੈ ਕਿ ਇਸ ਡਾਕੂਮੈਂਟਰੀ ਵਿੱਚ ਸਿੱਧੂ ਮੂਸੇਵਾਲਾ ਨਾਲ ਜੁੜੀ ਅਣਛਪੀ ਸਮੱਗਰੀ, ਨਿੱਜੀ ਜਾਣਕਾਰੀਆਂ ਅਤੇ ਉਸ ਦੀ ਹੱਤਿਆ ਨਾਲ ਸੰਬੰਧਿਤ ਜਾਂਚ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸਨੂੰ ਨਾ ਸਿਰਫ ਗੈਰਕਾਨੂੰਨੀ, ਸਗੋਂ ਮਾਨਸਿਕ ਤੌਰ 'ਤੇ ਤਕਲੀਫਦਾਇਕ ਅਤੇ ਭਾਰਤੀ ਕਾਨੂੰਨਾਂ ਦਾ ਉਲੰਘਣ ਵੀ ਦੱਸਿਆ ਹੈ।
ਸਕਰੀਨਿੰਗ ਰੋਕਣ ਦੀ ਮੰਗ
ਬਲਕੌਰ ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ: “ਇਹ ਡਾਕੂਮੈਂਟਰੀ ਮੇਰੇ ਬੇਟੇ ਦੀ ਆਵਾਜ਼, ਚਿਹਰਾ ਅਤੇ ਕਹਾਣੀ ਦੀ ਗੈਰਕਾਨੂੰਨੀ ਵਰਤੋਂ ਕਰਦੀ ਹੈ, ਜਿਸ ਨਾਲ ਨਾ ਸਿਰਫ ਸਾਡੇ ਪਰਿਵਾਰ ਨੂੰ ਆਘਾਤ ਪਹੁੰਚੇਗਾ, ਬਲਕਿ ਇਹ ਜਨਤਕ ਉਥਲ-ਪੁਥਲ ਅਤੇ ਨਿਆਂਪ੍ਰਕਿਰਿਆ ਵਿੱਚ ਰੁਕਾਵਟ ਵੀ ਪੈਦਾ ਕਰ ਸਕਦੀ ਹੈ।” ਉਨ੍ਹਾਂ ਪੁਲਿਸ ਨੂੰ ਬੇਨਤੀ ਕੀਤੀ ਕਿ ਇਸ ਬਿਨਾਂ ਇਜਾਜ਼ਤ ਹੋ ਰਹੇ ਪ੍ਰੋਗਰਾਮ ਨੂੰ ਰੋਕਿਆ ਜਾਵੇ ਅਤੇ ਆਯੋਜਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਲੀਗਲ ਨੋਟਿਸ 'ਚ ਤਿੰਨ ਮੁੱਖ ਮੰਗਾਂ ਉਤੇ ਦਿੱਤਾ ਗਿਆ ਜ਼ੋਰ
ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਵੱਲੋਂ ਈਸ਼ਲੀਨ ਕੌਰ ਅਤੇ ਅੰਕੁਰ ਜੈਨ ਨੂੰ ਭੇਜੇ ਗਏ ਲੀਗਲ ਨੋਟਿਸ ਵਿੱਚ ਹੇਠ ਲਿਖੀਆਂ ਮੁੱਖ ਮੰਗਾਂ ਰੱਖੀਆਂ ਗਈਆਂ ਹਨ:
ਡਾਕੂਮੈਂਟਰੀ ਦੀ ਸਕਰੀਨਿੰਗ ਅਤੇ ਪਰਚਾਰ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ।
ਸਿੱਧੂ ਮੂਸੇਵਾਲਾ ਦੇ ਨਾਮ, ਤਸਵੀਰ, ਆਵਾਜ਼ ਅਤੇ ਕਹਾਣੀ ਦੀ ਵਰਤੋਂ ਨੂੰ ਤੁਰੰਤ ਬੰਦ ਕੀਤਾ ਜਾਵੇ।
24 ਘੰਟਿਆਂ ਦੇ ਅੰਦਰ-ਅੰਦਰ ਜਨਤਕ ਮਾਫੀਨਾਮਾ ਜਾਰੀ ਕੀਤਾ ਜਾਵੇ।
ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਹਾਨੀ ਦੀ ਭਰਪਾਈ, ਫੌਜਦਾਰੀ ਕੇਸ ਅਤੇ ਰੋਕ ਲਗਾਉਣ ਵਾਲੇ ਹੁਕਮਾਂ ਸਮੇਤ ਕਠੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਲਕੌਰ ਸਿੰਘ ਦੇ ਅਨੁਸਾਰ, ਇਹ ਬਿਆਨ ਸੰਦਰਭ ਤੋਂ ਹਟਾ ਕੇ ਵਰਤੇ ਜਾ ਸਕਦੇ ਹਨ ਅਤੇ ਇਹ ਸਿੱਧੂ ਮੂਸੇਵਾਲਾ ਦੀ ਛਵੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਬਲਕੌਰ ਸਿੰਘ ਦਾ ਮੰਨਣਾ ਹੈ ਕਿ ਇਸ ਨਾਲ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਸ ਵਿੱਚ ਕਈ ਗੈਰ-ਪੁਸ਼ਟੀਕ੍ਰਿਤ ਤੱਥ ਅਤੇ ਅਟਕਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਾਕੂਮੈਂਟਰੀ ਰਾਹੀਂ ਮੂਸੇਵਾਲਾ ਦੀ ਹੱਤਿਆ ਨੂੰ ਸਨਸਨੀਖੇਜ਼ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਾ ਸਿਰਫ ਮ੍ਰਿਤਕ ਦੀ ਇੱਜ਼ਤ ਦੇ ਖਿਲਾਫ ਹੈ, ਸਗੋਂ ਪਰਿਵਾਰ ਨੂੰ ਮਾਨਸਿਕ ਆਘਾਤ ਪਹੁੰਚਾਉਣ ਵਾਲੀ ਗੱਲ ਵੀ ਹੈ।
ਡੀਜੀਪੀ ਮੁੰਬਈ ਨੂੰ ਭੇਤੀ ਗਈ ਸ਼ਿਕਾਇਤ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 7 ਜੂਨ 2025 ਨੂੰ ਮੁੰਬਈ ਪੁਲਿਸ ਦੇ ਡੀਜੀਪੀ ਨੂੰ ਪੱਤਰ ਲਿਖ ਕੇ 11 ਜੂਨ ਨੂੰ ਜੁਹੂ ਸਥਿਤ ਸੋਹੋ ਹਾਊਸ ਵਿੱਚ ਹੋਣ ਵਾਲੀ ਇੱਕ ਡਾਕੂਮੈਂਟਰੀ ਸਕਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ।
ਬਲਕੌਰ ਸਿੰਘ ਦਾ ਕਹਿਣਾ ਹੈ ਕਿ ਚੈਨਲ ਵੱਲੋਂ ਬਣਾਈ ਜਾ ਰਹੀ ਇਸ ਡਾਕੂਮੈਂਟਰੀ ਵਿੱਚ ਉਹਨਾਂ ਦੇ ਬੇਟੇ ਦੀ ਨਿੱਜੀ ਜਾਣਕਾਰੀ ਅਤੇ ਹੱਤਿਆ ਨਾਲ ਸੰਬੰਧਿਤ ਸੰਵੇਦਨਸ਼ੀਲ ਮਾਮਲਿਆਂ ਨੂੰ ਬਿਨਾਂ ਇਜਾਜ਼ਤ ਦਿਖਾਇਆ ਜਾ ਰਿਹਾ ਹੈ। ਪ੍ਰੋਡਿਊਸਰ ਦੇ ਤੌਰ 'ਤੇ ਇਸ਼ਲੀਨ ਕੌਰ ਅਤੇ ਅੰਕੁਰ ਜੈਨ ਦੇ ਨਾਮ ਸਾਹਮਣੇ ਆਏ ਹਨ।
ਉਨ੍ਹਾਂ ਆਰੋਪ ਲਗਾਇਆ ਹੈ ਕਿ ਫਿਲਮ ਵਿੱਚ ਸਿੱਧੂ ਮੂਸੇਵਾਲਾ ਦੀਆਂ ਅਣਪ੍ਰਕਾਸ਼ਿਤ ਤਸਵੀਰਾਂ, ਆਵਾਜ਼ ਅਤੇ ਨਿੱਜੀ ਜਾਣਕਾਰੀਆਂ ਦਾ ਗੈਰਕਾਨੂੰਨੀ ਵਰਤੋਂ ਕੀਤੀ ਗਈ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਾਨੂੰਨ-ਵਿਵਸਥਾ ਖ਼ਰਾਬ ਹੋ ਸਕਦੀ ਹੈ।
ਉਨ੍ਹਾਂ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਇਸ ਪ੍ਰੋਗਰਾਮ ਨੂੰ ਤੁਰੰਤ ਰੋਕਿਆ ਜਾਵੇ ਅਤੇ ਆਯੋਜਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਬਲਕੌਰ ਸਿੰਘ ਨੇ ਨਿਰਮਾਤਾਵਾਂ ਵਿਰੁੱਧ ਸਿਵਲ ਅਤੇ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ।