ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਲਾਏ ਗਏ ਚੇਅਰਮੈਨ ਮਨੋਹਰ ਕਾਂਤ ਕਲੋਹੀਆ 'ਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਨਿਯੁਕਤੀ ਨੂੰ ਆਰਐਸਐਸ ਦਾ ਦਖਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਐਸਐਸ ਦੇ ਪ੍ਰਭਾਵ ਹੇਠ ਇਹ ਨਿਯੁਕਤੀ ਕੀਤੀ ਹੈ।

ਬੀਰਦਵਿੰਦਰ ਨੇ ਕਿਹਾ ਕਿ ਰਾਜਸਥਾਨ ਦੇ ਸੇਵਾਮੁਕਤ ਨੌਕਰਸ਼ਾਹ ਮਨੋਹਰ ਕਾਂਤ ਕਲੋਹੀਆ ਦੀ ਸਕੂਲ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਕਰਨਾ ਅਹਿਮਕਾਨਾ ਫੈਸਲਾ ਹੈ। ਇਸ ਨਿਯੁਕਤੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਾਬਲ ਸਿੱਖਿਆ ਸ਼ਾਸਤਰੀਆਂ, ਅਕਾਦਮਿਕ ਖੇਤਰ ਨਾਲ ਜੁੜੇ ਵਿਦਵਾਨਾਂ ਅਤੇ ਪੰਜਾਬ ਵਿੱਚ ਸੇਵਾ ਨਿਭਾਏ ਰਹੇ ਜਾਂ ਸੇਵਾਮੁਕਤ ਨੌਕਰਸ਼ਾਹਾਂ ਦਾ ਨਿਰਾਦਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਲੋਹੀਆ ਨਾ ਤਾਂ ਪੰਜਾਬੀ ਜਾਣਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਟਾਕਰਾ ਕਰਨ ਦਾ ਕੋਈ ਤਜਰਬਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਇਹ ਨਿਯੁਕਤੀ ਆਰਐਸਐਸ ਦੇ ਦਬਾਅ ਹੇਠ ਆ ਕੇ ਕੀਤੀ ਹੈ ਕਿਉਂਕਿ ਕੈਪਟਨ ਦਾ ਤਕਰੀਬਨ ਸਾਰਾ ਪਰਿਵਾਰ ਭ੍ਰਿਸ਼ਟਾਚਾਰ ਦੇ ਵੱਡੇ ਘੁਟਾਲਿਆਂ ਵਿੱਚ ਚੁਫੇਰਿਓਂ ਘਿਰਿਆ ਹੋਇਆ ਹੈ। ਇਸ ਲਈ ਭਾਜਪਾ ਤੇ ਆਰਐਸਐਸ ਉਨ੍ਹਾਂ ਤੋਂ ਅਜਿਹੇ ਫੈਸਲੇ ਕਰਵਾ ਰਹੀ ਹੈ। ਇਸ ਤਰ੍ਹਾਂ ਸਿੱਖਿਆ ਬੋਰਡ ਅਤੇ ਸਕੂਲੀ ਪਾਠਕ੍ਰਮ ਦਾ ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।