ਪੰਜਾਬ ਵਿੱਚ ਵਧਦੇ ਗੈਂਗਸਟਰ ਕਲਚਰ ਅਤੇ ਨੌਜਵਾਨਾਂ ਵਿੱਚ ਹਿੰਸਕ ਰੁਝਾਨਾਂ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਹੀ ਸਖਤ ਹੁਕਮ ਜਾਰੀ ਕਰ ਚੁੱਕੀ ਹੈ ਕਿ ਕੋਈ ਵੀ ਗਾਇਕ ਜਾਂ ਕਲਾਕਾਰ ਅਜਿਹੇ ਗਾਣਾ ਨਾ ਗਾਉਣ ਜਾਂ ਪ੍ਰਚਾਰ ਕਰੇ ਜੋ ਹਥਿਆਰਾਂ ਦੇ ਪ੍ਰਦਰਸ਼ਨ ਜਾਂ ਗੈਂਗਸਟਰ ਮਾਨਸਿਕਤਾ ਨੂੰ ਵਧਾਵੇ। ਪਰ ਫਿਰ ਵੀ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ “315 Boor” ਇਨ੍ਹਾਂ ਹੁਕਮਾਂ ਦੀ ਧੱਜੀਆਂ ਉੱਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਗਾਣਾ ਦੋ ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਸੀ, ਜਿਸਨੂੰ ਮਸ਼ਹੂਰ ਪੰਜਾਬੀ ਗਾਇਕ ਆਰ ਨੇਤ (R Nait) ਅਤੇ ਗਾਇਕਾ ਗੁਰਲੇਜ ਅਖ਼ਤਰ ਨੇ ਗਾਇਆ ਹੈ। ਗਾਣੇ ਦੇ ਵੀਡੀਓ ਵਿੱਚ ਖੁੱਲ੍ਹ ਕੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਕ ਖਤਰਨਾਕ ਗੈਂਗਸਟਰ ਦੀ ਛਵੀ ਨੂੰ ਸ਼ਾਨਦਾਰ ਦਿਖਾਇਆ ਗਿਆ।

 

ਵੀਡੀਓ ਵਿੱਚ ਪੰਜਾਬੀ ਮਾਡਲ ਅਤੇ ਆਪਣੇ ਆਪ ਨੂੰ ਸਮਾਜ ਸੇਵਕ ਦੱਸਣ ਵਾਲੇ ਭਾਣਾ ਸਿੱਧੂ ਨੂੰ ਹਥਿਆਰਾਂ ਨਾਲ ਐਕਟਿੰਗ ਕਰਦੇ ਹੋਇਆ ਦਿਖਾਇਆ ਗਿਆ ਹੈ, ਜੋ ਨੌਜਵਾਨਾਂ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

ਸੀਐਮ ਭਗਵੰਤ ਮਾਨ ਨੂੰ ਭੇਜਿਆ ਪੱਤਰ, ਕਾਰਵਾਈ ਦੀ ਮੰਗ

ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ (BJP) ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਧਿਕਾਰਕ ਸ਼ਿਕਾਇਤੀ ਪੱਤਰ ਭੇਜਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਹਿੰਸਾ, ਗੈਰਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਅਤੇ ਅਪਰਾਧ ਨੂੰ ਵਧਾਵਾ ਦੇਣ ਵਾਲੇ ਅਜਿਹੇ ਗਾਣਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ।

ਸ਼ਰਮਾ ਨੇ ਕਿਹਾ ਕਿ “315” ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਆਚਾਰ ਸੰਹਿਤਾ ਦੀ ਸਿੱਧੀ ਉਲੰਘਣਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਗੀਤ ਨਾ ਸਿਰਫ਼ ਸਮਾਜ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਹਨ, ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ। 

ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਈ ਮੰਚਾਂ ਤੋਂ ਇਹ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਹੁਣ ਗੈਂਗਸਟਰ ਸੰਸਕ੍ਰਿਤੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਅਜਿਹੇ ਮਾਮਲਿਆਂ 'ਤੇ ਕੜੀ ਨਜ਼ਰ ਰੱਖ ਰਹੀ ਹੈ ਅਤੇ ਵਾਰ-ਵਾਰ ਕਲਾਕਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਉਹ ਆਪਣੇ ਗਾਣਿਆਂ ਵਿੱਚ ਸਮਾਜ ਨੂੰ ਜੋੜਨ ਵਾਲੇ ਅਤੇ ਸਕਾਰਾਤਮਕ ਸੁਨੇਹਾ ਦੇਣ।