ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਮੁੱਕਦਾ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 22 ਜੂਨ ਨੂੰ ਦਿੱਲੀ ਸੱਦਿਆ ਹੈ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਮੁੜ ਖੁੱਲ੍ਹ ਕੇ ਭੜਾਸ ਕੱਢਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਇਹ ਅਹੁਦੇ ਦੀ ਨਹੀਂ ਬਲਕਿ ਮੁੱਦਿਆਂ ਦੀ ਲੜਾਈ ਹੈ। ਉਨ੍ਹਾਂ ਨੇ ਕੈਪਟਨ ਸਾਹਮਣੇ ਪੰਜਾਬ ਲਈ 13 ਨੁਕਾਤੀ ਏਜੰਡਾ ਰੱਖਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਏਜੰਡੇ ’ਤੇ ਕੰਮ ਕਰਦੇ ਹਨ ਤਾਂ ਉਹ ਪਿੱਛੇ ਲੱਗਣ ਨੂੰ ਤਿਆਰ ਹਨ।
ਨਵਜੋਤ ਸਿੱਧੂ ਨੇ ਕਈ ਵੱਡੇ ਅਖਬਾਰਾਂ ਨੂੰ ਇੰਟਰਵਿਊ ਦਿੰਦਿਆਂ ਕਈ ਬੇਬਾਕ ਗੱਲਾਂ ਕਹੀਆਂ ਹਨ ਜਿਨ੍ਹਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੈਪਟਨ ਤੇ ਸਿੱਧੂ ਵਿਚਾਲੇ ਤਾਲਮੇਲ ਬੈਠਣਾ ਔਖਾ ਹੈ। ਨਵਜੋਤ ਸਿੱਧੂ ਨੇ ਹਾਈਕਮਾਨ ਪ੍ਰਤੀ ਵੀ ਨਾਰਾਜ਼ਗੀ ਪ੍ਰਗਟਾਈ ਹੈ। ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਅਹੁਦੇ ਦੀ ਭੁੱਖ ਹੈ ਤੇ ਨਾ ਹੀ ਉਹ ਕੋਈ ਸ਼ੋਅ-ਪੀਸ ਹਨ ਕਿ ਜਦੋਂ ਚਾਹੋ ਚੋਣ ਪ੍ਰਚਾਰ ਲਈ ਬਾਹਰ ਕੱਢੋ ਤੇ ਚੋਣਾਂ ਜਿੱਤਣ ਮਗਰੋਂ ਮੁੜ ਅਲਮਾਰੀ ’ਚ ਰੱਖ ਦਿਓ।
ਹੁਣ ਸਭ ਦੀਆਂ ਨਜ਼ਰਾਂ 22 ਜੂਨ ਨੂੰ ਦਿੱਲੀ ਵਿੱਚ ਹੋਣ ਵਾਲੀਆਂ ਮੀਟਿੰਗਾਂ 'ਤੇ ਲੱਗੀਆਂ ਹਨ। ਹਾਈਕਮਾਨ ਨੇ ਕੈਪਟਨ ਤੇ ਪੰਜਾਬ ਦੇ ਹੋਰਨਾਂ ਕਈ ਸੀਨੀਅਰ ਲੀਡਰਾਂ ਨੂੰ ਵੀ ਦਿੱਲੀ ਸੱਦ ਲਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਅੱਜ ਦੁਪਹਿਰ ਮਗਰੋਂ ਹੀ ਦਿੱਲੀ ਲਈ ਰਵਾਨਾ ਹੋ ਸਕਦੇ ਹਨ। 22 ਜੂਨ ਨੂੰ ਉਹ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਪਹਿਲਾਂ ਖੜਗੇ ਕਮੇਟੀ ਨਾਲ ਵੀ ਮੀਟਿੰਗ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਸਿੱਧੂ ਤੇ ਕੈਪਟਨ ਵਿਚਾਲੇ ਤਾਲਮੇਲ ਬਣਾਉਣਾ ਹਾਈਕਮਾਨ ਸਾਹਮਣੇ ਵੀ ਵੱਡੀ ਚੁਣੌਤੀ ਹੈ। ਇਸ ਲਈ ਹਾਈਕਮਾਨ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਕੈਪਟਨ ਤੇ ਸਿੱਧੂ ਨਾਲ ਇਕੱਠਿਆਂ ਮੀਟਿੰਗ ਕਰੇਗੀ। ਦੂਜੇ ਪਾਸੇ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਮੁੜ ਨਿਸ਼ਾਨੇ ’ਤੇ ਲੈਣ ਨਾਲ ਕਈ ਸ਼ੰਕੇ ਪੈਦਾ ਹੋ ਗਏ ਹਨ।
ਸਿੱਧੂ ਨੇ ਕਾਂਗਰਸ ਸਰਕਾਰ ਦੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੀ ਕਾਰਗੁਜ਼ਾਰੀ ’ਤੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ, ਸਿਰਫ਼ ਮੁੱਦਿਆਂ ਦੀ ਲੜਾਈ ਹੈ ਜਿਸ ਤੋਂ ਧਿਆਨ ਭਟਕਾਉਣ ਲਈ ਸਿਸਟਮ ਸ਼ਗੂਫ਼ੇ ਛੱਡਦਾ ਹੈ। ਸਿੱਧੂ ਨੇ ਕਿਹਾ ਕਿ ਸਿਸਟਮ ਲੋਕਾਂ ਦੇ ਭਲੇ ਲਈ ਕੰਮ ਕਰੇ, ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਚਾਹੀਦਾ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲੇ ਦਿਨ ਤੋਂ ਪੰਜਾਬ ਦੇ ਵਿਕਾਸ ਤੇ ਖ਼ਜ਼ਾਨੇ ਦੀ ਬਿਹਤਰੀ ਲਈ ਸਮੇਂ ਸਮੇਂ ’ਤੇ ਤਜਵੀਜ਼ਾਂ ਪੇਸ਼ ਕੀਤੀਆਂ ਪਰ ਸਭ ਠੁਕਰਾ ਦਿੱਤੀਆਂ ਗਈਆਂ। ਉਹ ਚਾਹੁੰਦੇ ਹਨ ਕਿ ਪੰਜਾਬ ਦੀ ਤਕਦੀਰ ਬਦਲੇ, ਅਸਲ ਤਾਕਤ ਲੋਕਾਂ ਹੱਥ ਆਵੇ। ਉਹ ਅਖੀਰ ਤੱਕ ਲੜਾਈ ਲੜਨਗੇ ਤੇ ਉਮੀਦ ਹੈ ਕਿ ਗੁਰੂਆਂ ਦੀ ਧਰਤੀ ਨੂੰ ਭਾਗ ਲੱਗਣਗੇ।
ਇਹ ਵੀ ਪੜ੍ਹੋ: ਕੇਜਰੀਵਾਲ ਪੰਜਾਬ ਦੇ ਕਈ ਵੱਡੇ ਲੀਡਰਾਂ ਨੂੰ ਕਰਨਗੇ 'ਆਪ' 'ਚ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin