ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ 'ਤੇ ਹੋ ਸਕਦੀ ਵੱਡੀ ਕਾਰਵਾਈ, ਕਤਲ ਦੇ ਨਾਲ ਹੋਰ ਸੰਗੀਨ ਧਾਰਾਵਾਂ ਵੀ ਜੁੜੀਆਂ
ਏਬੀਪੀ ਸਾਂਝਾ | 30 Jan 2019 10:00 AM (IST)
ਫ਼ਰੀਦਕੋਟ: ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਪੁਲਿਸ ਵੱਲੋਂ ਗੋਲ਼ੀ ਚਲਾਉਣ ਵਾਲੇ ਮਾਮਲੇ ਵਿੱਚ ਜਲਦ ਸਖ਼ਤ ਕਾਰਵਾਈ ਸੰਭਵ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੋਗਾ ਦੇ ਸਾਬਕਾ ਐਸਐਸਐਪੀ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫ਼ਤਾਰੀ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਦੋਵਾਂ ਘਟਨਾਵਾਂ ਦੇ ਮੁਲਜ਼ਮ ਪੁਲਿਸ ਅਧਿਕਾਰੀਆਂ 'ਤੇ ਕਤਲ ਤੇ ਇਰਾਦਾ ਕਤਲ ਕੇਸ ਦੇ ਨਾਲ-ਨਾਲ ਹੋਰ ਧਾਰਾਵਾਂ ਜੋੜਨ ਦਾ ਫੈਸਲਾ ਕਰ ਲਿਆ ਹੈ। ਪਹਿਲਾਂ ਤੋਂ ਦਰਜ ਮਾਮਲਿਆਂ ਵਿੱਚ ਕਤਲ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਦੇ ਨਾਲ-ਨਾਲ ਸਬੂਤ ਮਿਟਾਉਣ (ਧਾਰਾ 201), ਮੁਲਜ਼ਮਾਂ ਨੂੰ ਬਚਾਉਣ (ਧਾਰਾ 218) ਸਮੇਤ ਸਮੂਹਕ ਅਪਰਾਧ (ਧਾਰਾ 34) ਤੇ ਧਾਰਾ 120ਬੀ ਨੂੰ ਵੀ ਪਰਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਦਰਅਸਲ, ਐਸਆਈਟੀ ਨੇ ਬੀਤੇ ਕੱਲ੍ਹ ਡੀਐਸਪੀ ਸਮੇਤ ਛੇ ਪੁਲਿਸ ਮੁਲਾਜ਼ਮਾਂ ਸਮੇਤ ਦੋ ਡਾਕਟਰਾਂ ਦੇ ਬਿਆਨ ਦਰਜ ਕੀਤੇ। ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਗੋਲ਼ੀਬਾਰੀ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੇ ਸਬੂਤ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਵਿੱਚੋਂ ਕੱਢੀਆਂ ਗੋਲ਼ੀਆਂ ਨਾਲ ਵੀ ਛੇੜਛਾੜ ਕੀਤੀ ਸੀ। ਇਸ ਦੇ ਨਾਲ ਹੀ ਐਸਆਈਟੀ ਨੂੰ ਸਾਬਕਾ ਐਸਐਸਪੀ ਕੋਲੋਂ ਅਹਿਮ ਜਾਣਕਾਰੀ ਤੇ ਕੁਝ ਸਬੂਤ ਵੀ ਮਿਲੇ ਹਨ, ਜਿਸ ਮਗਰੋਂ ਟੀਮ ਵੱਡਾ ਐਕਸ਼ਨ ਲੈ ਸਕਦੀ ਹੈ।