ਚੰਡੀਗੜ੍ਹ: ਪੰਜਾਬ ਪੁਲਿਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ਵਿੱਚ ਵੱਡੇ ਪੱਧਰ ਉੱਪਰ ਨਕਲ ਹੋਈ ਹੈ। ਚਰਚਾ ਹੈ ਕਿ ਉਮੀਦਵਾਰਾਂ ਤੋਂ 30-30 ਲੱਖ ਰੁਪਏ ਲੈ ਕੇ ਨਕਲ ਕਰਵਾਈ ਗਈ ਹੈ। ਸੂਤਰਾਂ ਮੁਤਾਬਕ ਇਹ ਖੁਲਾਸਾ ਹੋਣ ਮਗਰੋਂ ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿੱਚ ਧਾਰਾ 420, 465, 467, 468, 471, 120 ਤੇ 66 ਬੀ ਹੇਠ ਆਈਟੀ ਸੋਧ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਂਝ ਅਧਿਕਾਰੀ ਇਹ ਬਾਰੇ ਖੁੱਲ੍ਹ ਕੇ ਕੁਝ ਵੀ ਬੋਲਣ ਲਈ ਤਿਆਰੀ ਨਹੀਂ।


ਦੱਸ ਦਈਏ ਕਿ ਪੰਜਾਬ ਪੁਲਿਸ ’ਚ ਪਿਛਲੇ ਦਿਨੀਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਕੱਢੀਆਂ 560 ਅਸਾਮੀਆਂ ਲਈ ਪੰਜਾਬ ਭਰ ’ਚ ਲਿਖਤੀ ਪ੍ਰੀਖਿਆ ਹੋਈ ਸੀ। ਇਹ ਲਿਖਤੀ ਪ੍ਰੀਖਿਆ ਲੈਣ ਸਬੰਧੀ ਸਰਕਾਰ ਵੱਲੋਂ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਗਿਆ ਸੀ। ਹੁਣ ਖੁਲਾਸਾ ਹੋਇਆ ਹੈ ਕਿ ਇਸ ਫਰਮ ਦੇ ਹੀ ਕੁਝ ਮੌਜੂਦਾ ਤੇ ਕੁਝ ਪੁਰਾਣੇ ਮੁਲਾਜ਼ਮਾਂ ਨੇ ਆਧੁਨਿਕ ਤਕਨੀਕ ਦੇ ਸਹਾਰੇ ਕਿਸੇ ਵਿਸ਼ੇਸ਼ ਸਾਫਟਵੇਅਰ ਜ਼ਰੀਏ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠ ਕੇ ਹੀ ਅੰਦਰ ਇਮਤਿਹਾਨ ਦੇ ਰਹੇ ਉਮੀਦਵਾਰਾਂ ਦੇ ਕੰਪਿਊਟਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀ ਪ੍ਰੀਖਿਆ ਵਿਚਲੇ ਸਵਾਲ ਹੱਲ ਕਰ ਦਿੱਤੇ। ਸੂਤਰਾਂ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਕੇਸ ਦਰਜ ਕਰਕੇ ਦਰਜਨ ਭਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਦੱਸ ਦਈਏ ਕਿ ਇਹ 560 ਪੋਸਟਾਂ ਚਾਰ ਕੇਡਰਾਂ ’ਤੇ ਆਧਾਰਤ ਹਨ ਜਿਨ੍ਹਾਂ ’ਚ ਜ਼ਿਲ੍ਹਾ ਕੇਡਰ, ਆਰਮਡ ਪੁਲਿਸ ਕੇਡਰ, ਇੰਟੈਲੀਜੈਂਸ ਤੇ ਜਾਂਚ ਕੇਡਰ ਸ਼ਾਮਲ ਹਨ। ਇਸ ਸਬੰਧੀ ਅਪਲਾਈ ਕਰਨ ਵਾਲ਼ੇ ਲੱਖਾਂ ਉਮੀਦਵਾਰਾਂ ਲਈ ਸ਼ਰਤ ਸੀ ਕਿ ਉਨ੍ਹਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਵਿੱਚੋਂ ਮੈਰਿਟ ’ਚ ਆਉਣ ਵਾਲ਼ਿਆਂ ਨੂੰ ਹੀ ਫਿਜੀਕਲ ਟੈਸਟ ਲਈ ਸੱਦਿਆ ਜਾਵੇਗਾ। 800 ਅੰਕਾਂ ਦੀ ਇਹ ਪ੍ਰੀਖਿਆ ਦੋ ਗੇੜਾਂ ’ਚ ਲਈ ਗਈ ਹੈ।


ਸਰਕਾਰ ਨਾਲ਼ ਹੋਏ ਸਮਝੌਤੇ ਤਹਿਤ ਸਬੰਧਤ ਫਰਮ ਵੱਲੋਂ ਹੀ ਬਣਾਏ ਗਏ ਪ੍ਰੀਖਿਆ ਕੇਂਦਰਾਂ ’ਚ ਕੰਪਿਊਟਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਇਸ ਫਰਮ ਨਾਲ਼ ਸਬੰਧਤ ਮੌਜੂਦਾ ਤੇ ਪੁਰਾਣੇ ਮੁਲਾਜ਼ਮਾਂ ਨੇ ਸੂਚਨਾ ਤਕਨਾਲੋਜੀ ਤਹਿਤ ਪਹਿਲਾਂ ਤੋਂ ਹੀ ਉਲੀਕੀ ਗਈ ਵਿਉਂਤਬੰਦੀ ਤਹਿਤ ਕਿਸੇ ਸਾਫਟਵੇਅਰ ਜ਼ਰੀਏ ਆਪਣੇ ਗਾਹਕ ਬਣਾਏ ਗਏ ਉਮੀਦਵਾਰਾਂ ਦੇ ਕੰਪਿਊਟਰਾਂ ਨਾਲ਼ ਅਟੈਚ ਹੋ ਕੇ ਪ੍ਰੀਖਿਆ ਵਿਚਲੇ ਸਾਰੇ ਸਵਾਲ ਹੱਲ ਕਰ ਦਿੱਤੇ ਗਏ।