ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਨੂੰ ਨੱਥ ਪੈ ਗਈ ਸੀ ਪਰ ਪਿਛਲੇ ਕੁਝ ਦਿਨਾਂ ਵਿੱਚ ਹਾਲਾਤ ਮੁੜ ਵਿਗੜਣ ਲੱਗੇ ਹਨ। ਹੁਣ ਸਰਕਾਰ ਨੂੰ ਵੀ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਕੇਸ ਵਧਣ ਪਿੱਛੇ ਬਹਾਰੋਂ ਆ ਰਹੇ ਲੋਕ ਹਨ। ਪੰਜਾਬ ਵਿੱਚ ਰੋਜ਼ਾਨਾ 40 ਹਜ਼ਾਰ ਲੋਕ ਬਾਹਰੋਂ ਆ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਹੈ ਕਿ ਹਰ ਰੋਜ਼ 12 ਹਜ਼ਾਰ ਟਰੱਕ ਤੇ ਛੇ ਹਜ਼ਾਰ ਵਾਹਨ ਪੰਜਾਬ ਆ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਵੱਲੋਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕੋਰਨਾ ਦੇ ਕੇਸ ਵਧਦੇ ਜਾ ਰਹੇ ਹਨ। ਇਸ ਲਈ ਕੈਪਟਨ ਨੇ ਆਖਿਆ ਹੈ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਉਂਝ ਉਨ੍ਹਾਂ ਕਿਹਾ ਕਿ ਇਹ ਸਥਿਤੀ ’ਤੇ ਨਿਰਭਰ ਹੋਵੇਗਾ ਤੇ ਕੋਵਿਡ ਦਾ ਫੈਲਾਅ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੁਲਕ ਭਰ ਵਿੱਚ ਕਰੋਨਾਵਾਇਰਸ ਦੇ ਕੇਸ ਵਧਣ ਕਰਕੇ ਜਨਤਕ ਤੌਰ ’ਤੇ ਮਾਸਕ ਪਹਿਨਣ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਰੋਨਾ ਟੈਸਟਿੰਗ ਸਮਰੱਥਾ ਲਗਾਤਾਰ ਵਧਾ ਰਹੀ ਹੈ। ਇਸ ਮਹੀਨੇ ਦੇ ਅਖ਼ੀਰ ਤੱਕ ਪੰਜਾਬ ਵਿੱਚ ਟੈਸਟਿੰਗ ਦੀ ਪ੍ਰਤੀ ਦਿਨ ਸਮਰੱਥਾ 20 ਹਜ਼ਾਰ ਹੋ ਜਾਵੇਗੀ। ਕੈਬਨਿਟ ਨੇ ਹਾਲ ਹੀ ਵਿੱਚ ਚਾਰ ਹੋਰ ਟੈਸਟਿੰਗ ਲੈਬਾਰਟਰੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਅਗਲੇ ਕੁਝ ਦਿਨਾਂ ਵਿੱਚ ਦੋ-ਗੁਣਾ ਟੈਸਟਿੰਗ ਵਧ ਜਾਵੇਗੀ।