ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਕੋਰੋਨਾਵਾਇਰਸ ਦੇ ਤਿੰਨ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 154 ਹੋ ਚੁੱਕੀ ਹੈ।


ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਪਿੰਡ ਜਵਾਹਰਪੁਰ ਵਿੱਚ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਵਾਹਰਪੁਰ 'ਚ ਅੱਜ ਦੋ ਹੋਰ ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 34 ਹੋ ਗਈ ਹੈ। ਮੁਹਾਲੀ ਜ਼ਿਲ੍ਹੇ 'ਚ ਕੋਰੋਨਾ ਦੇ 50 ਮਰੀਜ਼ ਹੋ ਗਏ ਹਨ। ਜਵਾਹਰਪੁਰ ਦਾ 38 ਸਾਲਾ ਪੁਰਸ਼ ਅਤੇ 58 ਸਾਲਾ ਮਹਿਲਾ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।

ਤਾਜ਼ਾ ਮਾਮਲਾ ਜ਼ਿਲ੍ਹਾ ਪਟਿਆਲਾ ਤੋਂ ਆਇਆ ਹੈ। ਪਟਿਆਲਾ ਦੇ ਸਿਵਲ ਲਾਈਨਜ਼ ਖੇਤਰ ਦਾ 32 ਸਾਲਾ ਸਿੱਖ ਵਿਅਕਤੀ ਕੋਰੋਨਾਵਾਇਰਸ ਨਾਲ ਸਕਾਰਾਤਮਕ ਟੈਸਟ ਕੀਤਾ ਗਿਆ ਹੈ।ਪ੍ਰਸ਼ਾਸਨ ਨੇ ਇਲਾਕਾ ਸੀਲ ਕਰਕੇ ਉਸਦੇ ਸੰਪਰਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪਟਿਆਲਾ 'ਚ ਕੁਲ ਦੋ ਕੋਰੋਨਾ ਪੌਜ਼ੇਟਿਵ ਕੇਸ ਹਨ।

ਇਸ ਦੌਰਾਨ ਅੱਜ ਤੜਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਵਿਅਕਤੀ ਦੀ ਸਾਹ ਦੀ ਕਮੀ ਨਾਲ ਸਿਵਲ ਹਸਪਤਾਲ ਬਟਾਲਾ 'ਚ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਟੀਬੀ ਦਾ ਮਰੀਜ਼ ਸੀ। ਪਰ ਸਾਵਧਾਨੀ ਵਾਜੋਂ ਉਸਦਾ ਸੈਪਲ ਲਿਆ ਗਿਆ ਹੈ ਅਤੇ ਰਿਪੋਰਟ ਉਡੀਕੀ ਜਾ ਰਹੀ ਹੈ।ਮ੍ਰਿਤਕ ਦੇ ਪਰਿਵਾਰ ਨੂੰ ਅਲੱਗ ਥਲੱਗ ਕਰ ਦਿੱਤਾ ਗਿਆ ਹੈ।