ਦੱਸ ਦਈਏ ਕਿ ਸੂਬੇ ਵਿੱਚ ਮਹਾਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 128 ਤੱਕ ਪਹੁੰਚ ਗਿਆ ਹੈ। ਹੁਣ ਤੱਕ 5179 ਲੋਕਾਂ ਨੂੰ ਕੋਰੋਨਾ ਹੋਇਆ ਹੈ ਤੇ ਇਨ੍ਹਾਂ ਵਿੱਚੋਂ 3320 ਵਿਅਕਤੀ ਤੰਦਰੁਸਤ ਹੋਏ ਹਨ। ਪੰਜਾਬ ਸਰਕਾਰ ਨੇ ਖੁਦ ਮੰਨਿਆ ਹੈ ਕਿ ਅਜੇ ਹਾਲਾਤ ਹੋਰ ਵਿਗੜਣਗੇ ਤੇ ਅਗਸਤ ਤੱਕ ਕੋਰੋਨਾ ਚਰਮ ਸੀਮਾ 'ਤੇ ਹੋਏਗਾ।
ਸ਼ਨੀਵਾਰ ਨੂੰ ਹੋਈਆਂ ਸੱਜਰੀਆਂ ਮੌਤਾਂ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਤਿੰਨ, ਅੰਮ੍ਰਿਤਸਰ ਜ਼ਿਲ੍ਹੇ ’ਚ 2, ਜਲੰਧਰ ’ਚ ਇੱਕ ਤੇ ਬਠਿੰਡਾ ’ਚ ਵੀ ਇੱਕ ਵਿਅਕਤੀ ਕਰੋਨਾ ਤੋਂ ਜ਼ਿੰਦਗੀ ਦੀ ਲੜਾਈ ਹਾਰ ਗਿਆ। ਪੰਜਾਬ ਵਿੱਚ ਸ਼ਨੀਵਾਰ ਤੱਕ ਕਰੋਨਾਵਾਇਰਸ ਲਾਗ ਦੇ ਸੱਜਰੇ ਕੇਸਾਂ ਦੀ ਗਿਣਤੀ 100 ਤੱਕ ਦੱਸੀ ਗਈ ਹੈ। ਇਨ੍ਹਾਂ ਤਾਜ਼ਾ ਮਾਮਲਿਆਂ ਵਿੱਚ ਸੰਗਰੂਰ ਤੇ ਅੰਮ੍ਰਿਤਸਰ ਵਿੱਚ 19-19, ਜਲੰਧਰ ਵਿੱਚ 17, ਲੁਧਿਆਣਾ ਵਿੱਚ 13, ਮੁਹਾਲੀ ਵਿੱਚ 8, ਹੁਸ਼ਿਆਰਪੁਰ ਵਿੱਚ 5, ਬਠਿੰਡਾ ਤੇ ਬਰਨਾਲਾ ਵਿੱਚ 4-4, ਮੋਗਾ, ਫ਼ਿਰੋਜ਼ਪੁਰ ਤੇ ਕਪੂਰਥਲਾ ਵਿੱਚ 2-2, ਮੁਕਤਸਰ, ਰੂਪਨਗਰ, ਪਟਿਆਲਾ, ਨਵਾਂ ਸ਼ਹਿਰ ਤੇ ਗੁਰਦਾਸਪੁਰ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ।
ਯਾਦ ਰਹੇ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਾਗ ਕਾਰਨ 38, ਲੁਧਿਆਣਾ ਤੇ ਜਲੰਧਰ ਵਿੱਚ 19-19, ਸੰਗਰੂਰ ਵਿੱਚ 12, ਮੁਹਾਲੀ, ਕਪੂਰਥਲਾ, ਪਠਾਨਕੋਟ ਤੇ ਹੁਸ਼ਿਆਰਪੁਰ ’ਚ 5-5 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ 20 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਾਂਚ ਲਈ 2 ਲੱਖ 84 ਹਜ਼ਾਰ 431 ਨਮੂਨੇ ਲਏ ਜਾ ਚੁੱਕੇ ਹਨ।