ਗਗਨਦੀਪ ਸ਼ਰਮਾ
ਅੰਮ੍ਰਿਤਸਰ: ਦੁਰਗਿਆਨਾ ਮੰਦਰ ਕਮੇਟੀ ਅਧੀਨ ਚੱਲਦੇ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਹਾਲਾਤ ਇਸ ਕਦਰ ਬੇਕਾਬੂ ਹੋਏ ਹਨ ਕਿ ਇੱਥੇ ਅੰਤਿਮ ਸੰਸਕਾਰ ਕਰਨ ਲਈ ਥੜ੍ਹਿਆਂ (ਸਲੈਬ) ਦਾ ਕਮੀ ਸ਼ੁਰੂ ਹੋ ਗਈ ਹੈ। ਦੁਰਗਿਆਨਾ ਕਮੇਟੀ ਵੱਲੋਂ ਹੁਣ ਮੌਕੇ 'ਤੇ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਨਵੇ ਥੜ੍ਹਿਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਫਿਲਹਾਲ 16 ਦੇ ਕਰੀਬ ਥੜ੍ਹੇ ਉਸਾਰੇ ਜਾ ਚੁੱਕੇ ਹਨ ਤੇ ਹੋਰ ਥੜ੍ਹਿਆਂ ਦੀ ਉਸਾਰੀ ਵੀ ਕੀਤੀ ਜਾਵੇਗੀ।
ਹਾਸਲ ਜਾਣਕਾਰੀ ਮੁਤਾਬਕ ਸ਼ਿਵਪੁਰੀ ਸ਼ਮਸ਼ਾਨ ਘਾਟ ਵਿੱਚ 100 ਦੇ ਕਰੀਬ ਥੜ੍ਹੇ ਹਨ ਤੇ ਰੋਜਾਨਾ 9 ਤੋਂ 15 ਅੰਤਿਮ ਸੰਸਕਾਰ ਔਸਤਨ ਹੁੰਦੇ ਸਨ ਪਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਮੌਤ ਦਰ ਦੇ ਵਿਚ ਵਾਧਾ ਹੋਣ ਕਾਰਨ ਹੁਣ ਇੱਥੇ ਪ੍ਰਤੀ ਦਿਨ 40 ਤੋ 45 ਲਾਸ਼ਾ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ। ਹਿੰਦੂ ਰੀਤੀ ਰਿਵਾਜਾਂ ਕਾਰਨ ਚੌਥੇ 'ਤੇ ਚਾਰ ਦਿਨ ਬਾਅਦ ਫੁੱਲ (ਅਸਥੀਆਂ) ਇਕੱਠੇ ਕੀਤੇ ਜਾਂਦੇ ਹਨ। ਇਸ ਕਰਕੇ 3-4 ਦਿਨ ਤਕ ਇੱਕ ਥੜ੍ਹਾ ਵਿਹਲਾ ਨਹੀ ਹੁੰਦਾ। ਅਜਿਹੀ ਸੂਰਤ ਵਿੱਚ ਇੱਥੇ 150 ਥੜ੍ਹਿਆਂ ਦੀ ਸੰਸਕਾਰ ਕਰਨ ਲਈ ਜ਼ਰੂਰਤ ਹੈ।
ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਅਚਾਨਕ ਮੌਤ ਦਰ 'ਚ ਵਾਧਾ ਕੋਰੋਨਾ ਦੀ ਦੂਜੀ ਲਹਿਰ ਕਾਰਨ ਹੋਇਆ ਹੈ ਤੇ ਅਸੀਂ ਮੰਗ ਨੂੰ ਦੇਖਦੇ ਹੋਏ 16 ਥੜ੍ਹੇ ਤੁਰੰਤ ਬਣਾ ਦਿੱਤੇ। ਜੇਕਰ ਹਾਲਾਤ ਇਸ ਤੋਂ ਵੀ ਗੰਭੀਰ ਹੁੰਦੇ ਹਨ ਤਾਂ ਫਿਰ ਸਾਡੇ ਕੋਲ ਹੋਰ ਜਗਾ ਨਹੀਂ ਬਚੇਗੀ। ਪ੍ਰਧਾਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਚਾਰ ਦਿਨਾਂ ਦੀ ਬਜਾਏ ਦੋ ਜਾਂ ਤਿੰਨ ਦਿਨ ਬਾਅਦ ਫੁੱਲ ਚੁੱਗ ਲਏ ਜਾਣ ਤੇ ਕੁਝ ਲੋਕ ਤਾਂ ਮੰਨ ਜਾਂਦੇ ਹਨ ਪਰ ਕੁਝ ਨਹੀਂ।
ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਕਿ ਸ਼ਿਵਪੁਰੀ ਦੇ ਨਾਲ ਲੱਗਦੀ ਪੁੱਡਾ ਦੀ ਜ਼ਮੀਨ ਸ਼ਿਵਪੁਰੀ ਨੂੰ ਦੇ ਦਿੱਤੀ ਜਾਵੇ ਪਰ ਸਰਕਾਰ ਨੇ ਹਾਲੇ ਕੋਈ ਫੈਸਲਾ ਨਹੀਂ ਲਿਆ। ਸ਼ਰਮਾ ਨੇ ਦੱਸਿਆ ਕਿ ਇੱਥੇ ਐਲਪੀਜੀ ਰਾਹੀਂ ਅੰਤਮ ਸੰਸਕਾਰ ਦੀ ਵਿਵਸਥਾ ਹੈ। ਇਸ ਨਾਲ ਸਮਾਂ ਵੀ ਬਚਦਾ ਹੈ ਤੇ ਖਰਚ ਵੀ ਸਾਰਾ ਕਮੇਟੀ ਦਿੰਦੀ ਹੈ। ਥੜ੍ਹੇ ਦੀ ਵੀ ਲੋੜ ਨਹੀਂ ਪੈਂਦੀ ਪਰ ਅੰਮ੍ਰਿਤਸਰ ਦੇ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ।
ਇਹ ਵੀ ਪੜ੍ਹੋ: Vivo V21 5G ‘ਤੇ ਮਿਲ ਰਹੀ 2000 ਦੀ ਬੰਪਰ ਛੋਟ, ਫੋਨ ‘ਚ ਕਈ ਦਮਦਾਰ ਫੀਚਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin